30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਕਾਰ ਦੇ ਇਸ਼ਾਰੇ 'ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ 'ਚ ਗੁੰਡਾਗਰਦੀ ਦਾ ਨੰਗਾ ਨਾਚ - ਚੰਦੂਮਾਜਰਾ

ਅਜੀਤ ਡੈਸਕ 05-12-2025
ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਸੰਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 'ਰਾਜ ਚੋਣ ਕਮਿਸ਼ਨ' ਨੂੰ ਇਕ ਸ਼ਿਕਾਇਤ ਕਰਦਿਆਂ ਮੰਗ ਕੀਤੀ ਕਿ ਜ਼ਿਲ੍ਹਾ ਪਟਿਆਲਾ ਦੇ ਸਨੌਰ ਅਤੇ ਭੁੱਨਰਹੇੜੀ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਰੱਦ ਕੀਤੀ ਜਾਵੇ | ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਦੇ ਇਸ਼ਾਰੇ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜ਼ਿਲ੍ਹਾ ਪਟਿਆਲਾ ਦੇ ਸਨੌਰ ਅਤੇ ਭੁੱਨਰਹੇੜੀ ਬਲਾਕ 'ਚ ਸ਼ਰੇਆਮ ਗੁੰਡਾਗਰਦੀ ਅਤੇ ਧੱਕੇਸ਼ਾਹੀ ਕੀਤੀ ਗਈ | ਉਨ੍ਹਾਂ ਆਖਿਆ ਕਿ ਕਾਗ਼ਜ਼ ਦਾਖਲ ਕਰਵਾਉਣ ਆਏ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਨਹੀਂ ਹੋਣ ਦਿੱਤੇ ਗਏ | ਪ੍ਰੋ. ਚੰਦੂਮਾਜਰਾ ਨੇ ਸ਼ਿਕਾਇਤ 'ਚ ਲਿਖਿਆ ਕਿ ਬਹੁਤ ਸਾਰੇ ਉਮੀਦਵਾਰ ਦੇ ਕਾਗ਼ਜ਼ ਧੱਕੇ ਨਾਲ ਪਾੜ ਦਿੱਤੇ ਗਏ ਅਤੇ ਜਿਸ ਵਿਚ ਉਮੀਦਵਾਰਾਂ ਦੇ ਅਸਲੀ ਸਰਟੀਫਿਕੇਟ ਵੀ ਸ਼ਾਮਿਲ ਸਨ | ਉਨ੍ਹਾਂ ਆਖਿਆ ਕਿ ਸਟੇਟ ਚੋਣ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬਾਰ-ਬਾਰ ਫ਼ੋਨ ਕਰਨ ਦੇ ਬਾਵਜੂਦ ਵੀ ਇਹ ਧੱਕੇਸ਼ਾਹੀ ਨਹੀਂ ਰੁਕੀ ਤੇ ਨਾ ਹਾ ਰਿਟਰਨਿੰਗ ਅਫ਼ਸਰ ਵਲੋਂ ਕੋਈ ਸੁਣਵਾਈ ਕੀਤੀ ਗਈ | ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੀ ਸਹਿ 'ਤੇ ਗੁੰਡਾਗਰਦੀ ਦਾ ਇਹ ਨੰਗਾ ਨਾਚ ਲੋਕਰਾਜ ਨੂੰ ਸ਼ਰਮਸਾਰ ਕਰਨ ਵਾਲੀ ਖੇਡ ਹੈ ਜਿਸ ਨੂੰ ਲੈ ਕੇ 'ਰਾਜ ਚੋਣ ਕਮਿਸ਼ਨ' ਨੂੰ ਸ਼ਿਕਾਇਤ ਕਰਕੇ ਚੋਣ ਰੱਦ ਕਰਨ ਦੀ ਅਪੀਲ ਕੀਤੀ ਤਾਂ ਜੋ ਉਮੀਦਵਾਰ ਆਪਣੇ ਨਾਮਜ਼ਦਗੀ ਕਾਗ਼ਜ਼ ਦੁਬਾਰਾ ਤੋਂ ਦਾਖਲ ਕਰਵਾ ਸਕਣ | ਉਨ੍ਹਾਂ ਨਾਲ ਹੀ ਦੋਸੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ | ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੋਕਲ ਪ੍ਰਸ਼ਾਸਨ ਵਲੋਂ ਉਮੀਦਵਾਰਾਂ ਦੀ ਮਦਦ ਕਰਨ ਦੀ ਥਾਂ ਕਾਗ਼ਜ਼ ਦਾਖਲ ਕਰਵਾਉਣ 'ਚ ਵਿਘਨ ਪਾਇਆ ਗਿਆ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖੜਾ, ਗਗਨਦੀਪ ਕੌਰ ਜੌਨ ਕੋਲੀ, ਜਗਜੀਤ ਸਿੰਘ ਕੋਲੀ, ਬਲਵਿੰਦਰ ਸਿੰਘ ਕਰਹੇੜੀ, ਗੁਰਚਰਨ ਸਿੰਘ ਕੋਲੀ, ਬੀਬੀ ਸਰਮੀਨਾ ਕਸਬਾ ਕੁੜਕੀ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਟਿੰਕੂ ਕੁਮਾਰ ਵਿੱਕੀ, ਪ੍ਰਕਾਸ਼ ਚੰਦ, ਸਤਨਾਮ ਸਿੰਘ ਸੱਤਾ, ਧਰਮਿੰਦਰ ਸਿੰਘ ਭੋਜੋਮਾਜਰਾ, ਲਾਡੀ ਪਹਾੜੀਪੁਰ, ਜਤਿੰਦਰ ਸਿੰਘ ਮੁਹਬਤਪੁਰ, ਜਗਤਾਰ ਸਿੰਘ, ਮੱਘਰ ਸਿੰਘ ਕੋਲੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੋਣ ਆਬਜ਼ਰਵਰ ਵਲੋਂ ਨਾਮਜ਼ਦਗੀ ਪ੍ਰਕਿਰਿਆ ਦਾ ਜਾਇਜ਼ਾ, ਬੈਲੇਟ ਬਕਸਿਆਂ ਦੇ ਵੇਅਰਹਾਊਸ ਦਾ ਵੀ ਨਿਰੀਖਣ ਅਗਲੀ ਖ਼ਬਰ ਨਗਰ ਕੌਂਸਲ ਸਨੌਰ 'ਚ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਆਖ਼ਰੀ ਦਿਨ, ਵਿਰੋਧੀ ਧਿਰਾਂ ਵਲੋਂ ਧੱਕੇਸ਼ਾਹੀ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।