ਰਾਜਾਸਾਂਸੀ, ਹਰਸਾ ਛੀਨਾ, 4 ਦਸੰਬਰ (ਹਰਦੀਪ ਸਿੰਘ ਖੀਵਾ, ਕੜਿਆਲ)-ਸੂਬਾਈ ਚੋਣ ਕਮਿਸ਼ਨ ਵਲੋਂ ਸੂਬੇ ਅੰਦਰ ਕਰਵਾਈਆਂ ਜਾ ਰਹੀਆਂ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅਖ਼ੀਰਲੇ ਦਿਨ ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਲਈ ਵੱਡੀ ਗਿਣਤੀ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ | ਇਸ ਸੰਬੰਧੀ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਉੱਪ ਮੰਡਲ ਮੈਜਿਸਟ੍ਰੇਟ ਲੋਪੋਕੇ-ਕਮ-ਰਿਟਰਨਿੰਗ ਅਫਸਰ ਬਲਾਕ ਸੰਮਤੀ ਹਰਸਾ ਛੀਨਾ ਅਤੇ ਚੋਗਾਵਾਂ ਸ. ਖੁਸ਼ਪ੍ਰੀਤ ਸਿੰਘ, ਸਹਾਇਕ ਰਿਟਰਨਿੰਗ ਅਫਸਰ ਹਰਸਾ ਛੀਨਾ-ਕਮ-ਤਹਿਸੀਲਦਾਰ ਲੋਪੋਕੇ ਸ. ਕੰਵਲਜੀਤ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਬਲਾਕ ਸੰਮਤੀ ਚੋਗਾਵਾਂ-ਕਮ-ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਨਾਮਜ਼ਦਗੀਆਂ ਦਾਖਿਲ ਕਰਨ ਦੇ ਅਖ਼ੀਰਲੇ ਦਿਨ ਵੱਡੀ ਗਿਣਤੀ ਵਿਚ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਹਰਸਾ ਛੀਨਾ ਲਈ ਕੁੱਲ 64 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ ਜਦਕਿ ਬਲਾਕ ਸੰਮਤੀ ਚੋਗਾਵਾਂ ਲਈ ਕੁੱਲ 75 ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਸਮੇਂ ਸ. ਖੁਸ਼ਪ੍ਰੀਤ ਸਿੰਘ ਐੱਸ.ਡੀ.ਐੱਮ. ਲੋਪੋਕੇ ਨੇ ਦੱਸਿਆ ਕਿ ਸੂਬਾ ਚੋਣ ਕਮਿਸ਼ਨ ਵਲੋਂ ਜਾਰੀ ਬਲਾਕ ਸੰਮਤੀ ਚੋਣਾਂ ਲਈ ਜਾਰੀ ਸਮਾਂ ਸਾਰਨੀ ਅਨੁਸਾਰ 5 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 6 ਦਸੰਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈ ਸਕਣਗੇ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸ. ਅਰਵਿੰਦਰ ਸਿੰਘ ਰੀਡਰ ਐੱਸ.ਡੀ.ਐੱਮ. ਲੋਪੋਕੇ, ਜਗਜੀਤ ਸਿੰਘ ਛੀਨਾ ਰੀਡਰ ਤਹਿਸੀਲਦਾਰ ਲੋਪੋਕੇ, ਮਿਲਣਪ੍ਰੀਤ ਸਿੰਘ, ਸੁਪਰਵਾਈਜ਼ਰ ਰਮਿੰਦਰ ਸਿੰਘ ਅਜਨਾਲਾ, ਦੀਪਕ ਕੁਮਾਰ ਸਮੇਤ ਹੋਰ ਚੋਣ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |