ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ (ਰਜਿ. ਨੰ. 31) ਵਲੋਂ ਮੰਡਲ ਦਫ਼ਤਰ ਰੂਪਨਗਰ ਵਿਚ ਦਿੱਤਾ ਜਾ ਰਿਹਾ ਪੂਰਨ ਕੰਮ ਬੰਦ ਅਤੇ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਇਹ ਧਰਨਾ ਸਰਕਲ ਪ੍ਰਧਾਨ ਸੋਹਣ ਸਿੰਘ ਦੀ ਅਗਵਾਈ ਹੇਠ, ਬ੍ਰਾਂਚ ਸਕੱਤਰ ਜਗਜੀਤ ਸਿੰਘ ਅਤੇ ਜਸਪਾਲ ਸਿੰਘ (ਮੋਰਿੰਡਾ) ਦੀ ਸਾਂਝੀ ਅਗਵਾਈ ਵਿਚ ਕੀਤਾ ਗਿਆ | ਸਟੇਜ ਤੋਂ ਸੰਬੋਧਨ ਕਰਦਿਆਂ ਮਨਦੀਪ ਸਿੰਘ ਮੰਡੋਲੀ, ਜਸਮਿੰਦਰ ਸਿੰਘ ਲਾਡੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਆਊਟਸੋਰਸਡ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਕੀਤੇ ਸਨ, ਪਰ ਸਰਕਾਰ ਦੇ ਇਹ ਵਾਅਦੇ ਅਜੇ ਵੀ ਸਿਰਫ਼ ਕਾਗ਼ਜ਼ੀ ਐਲਾਨਾਂ ਤੱਕ ਸੀਮਤ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਨਿੱਜੀਕਰਨ ਅਤੇ ਪੰਚਾਇਤੀਕਰਨ ਰਾਹੀਂ ਲੋਕਾਂ ਦੀ ਸੰਪਤੀ ਵੇਚੀ ਜਾ ਰਹੀ ਹੈ, ਜੋ ਕਿ ਕਰਮਚਾਰੀਆਂ ਪੂਰੀ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ | ਯੂਨੀਅਨ ਨੇ ਮੰਗ ਕੀਤੀ ਕਿ ਵਿਭਾਗਾਂ ਦੇ ਆਊਟਸੋਰਸਡ/ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੰਚਾਇਤੀਕਰਨ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਆਊਟਸੋਰਸ ਮੁਲਾਜ਼ਮਾਂ 'ਤੇ ਹੋ ਰਹੀ ਜਬਰਬੰਦੀਆਂ ਨੂੰ ਰੋਕਿਆ ਜਾਵੇ, ਸੁਪਰੀਮ ਕੋਰਟ ਦੇ 'ਬਰਾਬਰ ਕੰਮ, ਬਰਾਬਰ ਤਨਖ਼ਾਹ' ਵਾਲੇ ਫ਼ੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ, ਮਿਨੀਮਮ ਵੇਜ ਐਕਟ 1948 ਅਤੇ ਪੰਦਰਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਤਨਖਾਹਾਂ ਨਿਰਧਾਰਿਤ ਕੀਤੀਆਂ ਜਾਣ | ਇਸ ਮੌਕੇ ਯੂਨੀਅਨ ਵਲੋਂ ਪੰਜਾਬ ਰੋਡਵੇਜ਼ ਤੇ ਪੀ. ਆਰ. ਟੀ. ਸੀ. ਦੇ ਆਊਟਸੋਰਸਡ ਕਰਮਚਾਰੀਆਂ ਦੇ ਹੱਕ ਵਿਚ ਸਰਕਾਰ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਪੂਰੀ ਇੱਕਜੁੱਟਤਾ ਦਾ ਐਲਾਨ ਕੀਤਾ ਗਿਆ | ਅੱਜ ਦੇ ਧਰਨੇ ਨੂੰ ਸਰਕਾਰੀ ਮੁਲਾਜ਼ਮਾਂ ਅਤੇ ਵੱਖ-ਵੱਖ ਦਫ਼ਤਰੀ ਕੱਚੇ ਕਾਮਿਆਂ ਵਲੋਂ ਭਰਪੂਰ ਸਮਰਥਨ ਪ੍ਰਾਪਤ ਹੋਇਆ | ਉਨ੍ਹਾਂ ਨੇ ਯੂਨੀਅਨ ਨੂੰ ਭਵਿੱਖ ਦੇ ਹਰ ਸੰਘਰਸ਼ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ | ਧਰਨੇ ਵਿਚ ਵਰਿੰਦਰ ਸਿੰਘ (ਚਮਕੌਰ ਸਾਹਿਬ), ਬਲਵਿੰਦਰ ਸਿੰਘ, ਬਲਵਿੰਦਰ ਸਿੰਘ (ਲੋਧੀ ਮਾਜਰਾ), ਅਮਰਜੀਤ ਸਿੰਘ, ਬਲਵੀਰ ਸਿੰਘ, ਹਰਜੀਤ, ਹਰਪ੍ਰੀਤ, ਰਾਮਾਨੰਦ, ਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ |