ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਤੀਜੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ | ਇਸ ਪ੍ਰਕਿਰਿਆ ਤਹਿਤ, ਚੋਣ ਅਮਲਾ 4 ਦਸੰਬਰ ਤੱਕ ਰੋਜ਼ਾਨਾ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਸਵੀਕਾਰ ਕਰੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੂਰਪੁਰ ਬੇਦੀ ਵਿਖੇ ਤਾਇਨਾਤ ਐਕਸੀਅਨ ਡਰੇਨੇਜ ਵਿਭਾਗ ਤੇ ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ.) ਅਮਰਿੰਦਰ ਸਿੰਘ ਨੇ ਦੱਸਿਆ ਕਿ ਤੀਜੇ ਦਿਨ ਵੀ ਕਿਸੇ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ | ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਮਿਤੀ 4 ਦਸੰਬਰ ਹੈ, ਜਿਸ ਲਈ ਸਿਰਫ਼ ਇੱਕ ਦਿਨ ਬਾਕੀ ਹੈ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਜਾਂਚ 5 ਦਸੰਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਹੈ | ਉਸੇ ਦਿਨ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ | ਚੋਣ ਪ੍ਰਚਾਰ 7 ਦਸੰਬਰ ਤੋਂ 12 ਵਜੇ ਤੱਕ ਸ਼ਾਮ 4 ਵਜੇ ਤੱਕ ਨਿਰਧਾਰਿਤ ਹੈ, ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਉਨ੍ਹਾਂ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਲਈ ਕੁੱਲ 17 ਬਲਾਕ ਸੰਮਤੀ ਜ਼ੋਨ ਬਣਾਏ ਗਏ ਹਨ, ਜਿਸ ਵਿਚ ਲਗਭਗ 135 ਪਿੰਡ ਸ਼ਾਮਲ ਹਨ | ਉਨ੍ਹਾਂ ਅੱਗੇ ਕਿਹਾ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ 4 ਦਸੰਬਰ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ | ਜਦਕਿ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀਆਂ ਰੂਪਨਗਰ ਵਿਖੇ ਦਾਵਲ ਕੀਤੀਆਂ ਜਾਣਗੀਆਂ |