ਰੂਪਨਗਰ, 3 ਦਸੰਬਰ (ਪੱਤਰ ਪ੍ਰੇਰਕ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਨੇ ਦੋਸ਼ ਲਾਇਆ ਕਿ ਨਾ ਹੀ ਪਿਛਲਿਆਂ ਨਾ ਹੀ ਅਕਾਲੀ-ਭਾਜਪਾ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੱਛੜੀਆਂ ਸ਼੍ਰੇਣੀ ਨੂੰ ਉਨ੍ਹਾਂ ਦਾ ਬਣਦਾ ਕੋਟਾ ਦੇਣ ਲਈ ਤਿਆਰ ਨਹੀਂ ਅਤੇ ਇਹ ਪਾਰਟੀਆਂ ਹਮੇਸ਼ਾ ਪੱਛੜੀਆਂ ਸ਼੍ਰੇਣੀਆਂ ਨੂੰ ਆਪਣੀ ਰਾਜਨੀਤਿਕ ਹਿਤ ਦੀ ਪੂਰਤੀ ਲਈ ਇਸਤੇਮਾਲ ਕਰਦੀਆਂ ਆ ਰਹੀਆਂ ਹਨ | ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਹੋ ਰਹੀਆਂ ਚੋਣਾਂ ਵਿਚ ਪਿਛਲਿਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਪੱਛੜੀਆਂ ਸ਼੍ਰੇਣੀਆਂ ਦੇ ਹਿਤਾਂ ਦਾ ਘਾਣ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਵਿਚੋਂ ਇਕ ਵੀ ਸੀਟ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਨਹੀਂ ਰੱਖੀ ਗਈ ਤੇ ਜ਼ਿਲ੍ਹੇ ਦੀਆਂ 6 ਬਲਾਕਾਂ ਵਿਚੋਂ 3 ਬਲਾਕਾਂ ਵਿਚ ਇੱਕ ਵੀ ਸੀਟ ਬਲਾਕ ਸੰਮਤੀ ਦੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਨਹੀਂ ਰੱਖੀ ਅਤੇ ਬਾਕੀ 3 ਬਲਾਕਾਂ ਵਿਚ ਸਿਰਫ਼ ਇੱਕ-ਇੱਕ ਸੀਟ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਰੱਖੀ ਹੈ ਭਾਵ ਕੁੱਲ 83 ਬਲਾਕ ਸੰਮਤੀਆਂ ਵਿਚੋਂ ਸਿਰਫ਼ 3 ਸੀਟਾਂ ਹੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਆਂ ਰੱਖੀਆਂ ਹਨ ਜਦੋਂ ਕਿ ਪੰਜਾਬ ਵਿਚ ਪੱਛੜੀਆਂ ਸ਼੍ਰੇਣੀਆਂ ਦੀ 40 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਅੱਖੋਂ-ਪਰੋਖੇ ਕੀਤਾ ਗਿਆ ਹੈ | ਇਸ ਲਈ ਬਹੁਜਨ ਸਮਾਜ ਪਾਰਟੀ ਇਸ ਦੀ ਘੋਰ ਨਿੰਦਾ ਕਰਦੀ ਹੈ ਅਤੇ ਅਪੀਲ ਕਰਦੀ ਹੈ ਕਿ ਪੱਛੜੀਆਂ ਸ਼੍ਰੇਣੀਆਂ ਇਹਨਾਂ ਸਰਕਾਰਾਂ ਨੂੰ ਜੋ ਪੱਛੜੀਆਂ ਸ਼੍ਰੇਣੀਆਂ ਦੇ ਹਿਤਾਂ ਦਾ ਘਾਣ ਕਰਦੀਆਂ ਆ ਰਹੀਆਂ ਹਨ, ਨੂੰ ਸਬਕ ਸਿਖਾਉਣ | ਬਹੁਜਨ ਸਮਾਜ ਪਾਰਟੀ ਜਿਹੜੀ ਹਮੇਸ਼ਾ ''ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ, ਉਨੀ ਉਨ੍ਹਾਂ ਦੀ ਹਿੱਸੇਦਾਰੀ'' ਤਹਿਤ ਪੱਛੜੀਆਂ ਸ਼੍ਰੇਣੀਆਂ ਨੂੰ ਬਣਦੀ ਹਿੱਸੇਦਾਰੀ ਦੇਣ ਲਈ ਵਚਨਬੱਧ ਹੈ | ਕਿਉਂਕਿ ਬਸਪਾ ਆਪਣੇ ਸਿੰਬਲ 'ਹਾਥੀ' ਦੇ ਚੋਣ ਨਿਸ਼ਾਨ ਤੋਂ ਵੱਡੀ ਪੱਧਰ 'ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਰਹੀ ਹੈ | ਇਸ ਸਮੇਂ ਸ੍ਰੀ ਭੈਣੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਢਾ ਵੀ ਮੌਜੂਦ ਸਨ |