ਐੱਸ. ਏ. ਐੱਸ. ਨਗਰ, 3 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ 'ਚ ਚੱਲ ਰਹੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਤੀਸਰੇ ਦਿਨ ਅੱਜ ਖਰੜ ਅਤੇ ਮਾਜਰੀ ਪੰਚਾਇਤ ਸੰਮਤੀਆਂ ਲਈ 22 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ, ਜਦਕਿ ਡੇਰਾਬੱਸੀ 'ਚ ਤੀਸਰੇ ਦਿਨ ਵੀ ਕਿਸੇ ਉਮੀਦਵਾਰ ਵਲੋਂ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਗਈ | ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੱਸਿਆ ਕਿ ਨਾਮਜ਼ਦਗੀਆਂ ਦਾ ਅਮਲ ਅੱਜ 4 ਦਸੰਬਰ ਤੱਕ ਚੱਲਣਾ ਹੈ | ਉਨ੍ਹਾਂ ਦੱਸਿਆ ਕਿ ਖਰੜ 'ਚ ਅੱਜ 16 ਨਾਮਜ਼ਦਗੀ ਪੇਪਰ ਪ੍ਰਾਪਤ ਹੋਏ, ਜਦਕਿ ਪੰਚਾਇਤ ਸੰਮਤੀ ਮਾਜਰੀ ਦੇ ਮਾਣਕਪੁਰ ਸ਼ਰੀਫ ਜ਼ੋਨ ਤੋਂ ਦੋ ਉਮੀਦਵਾਰਾਂ ਨੇ ਅਤੇ ਝੰਡੇਮਾਜਰਾ ਜ਼ੋਨ ਤੋਂ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ | ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਅਤੇ ਨਾਮਜ਼ਦਗੀ ਪੇਪਰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਖਰੜ ਪੰਚਾਇਤ ਸੰਮਤੀ ਲਈ ਐੱਸ. ਡੀ. ਐੱਮ. ਦਫ਼ਤਰ ਖਰੜ, ਮਾਜਰੀ ਪੰਚਾਇਤ ਸੰਮਤੀ ਲਈ ਬੀ. ਡੀ. ਪੀ. ਓ. ਦਫ਼ਤਰ ਮਾਜਰੀ ਅਤੇ ਡੇਰਾਬੱਸੀ ਪੰਚਾਇਤ ਸੰਮਤੀ ਲਈ ਐਸ. ਡੀ. ਐਮ. ਦਫ਼ਤਰ ਡੇਰਾਬੱਸੀ ਵਿਖੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਜਾ ਸਕਦੇ ਹਨ |