ਖਰੜ, 3 ਦਸੰਬਰ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਜਨ ਸੰਪਰਕ ਮੁਹਿੰਮ ਤਹਿਤ ਖਰੜ ਦੇ ਵਾਰਡ ਨੰ. 5 ਵਿਖੇ ਮੀਟਿੰਗ ਸੱਦੀ ਗਈ | ਇਸ ਮੌਕੇ ਸਥਾਨਕ ਵਸਨੀਕਾਂ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਹਾਲ ਹੀ 'ਚ ਜੋ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਦੇ ਨਕਸ਼ੇ ਪਾਸ ਕਰਨ ਦੀਆਂ ਫ਼ੀਸਾਂ 'ਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ, ਉਸ ਨਾਲ ਹਰ ਵਰਗ ਪ੍ਰੇਸ਼ਾਨ ਹੈ | ਇਸ ਮੌਕੇ ਸੀਵਰੇਜ, ਜਨਤਕ ਪਾਰਕਾਂ, ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦੇ ਮਾਮਲੇ 'ਚ ਨਗਰ ਕੌਂਸਲ ਖਰੜ ਦੀ ਕਾਰਗੁਜ਼ਾਰੀ ਦੀ ਵੀ ਨਿਖੇਧੀ ਕੀਤੀ ਗਈ | ਇਸ ਮੌਕੇ ਲੋਕਾਂ ਕਿਹਾ ਕਿ ਸਾਡੇ ਨੇੜਿਓਾ ਦਸਮੇਸ਼ ਨਗਰ 'ਚੋਂ ਲੰਘਦੀ ਗੰਦੇ ਪਾਣੀ ਵਾਲੀ ਚੋਈ ਪੂਰੇ ਇਲਾਕੇ 'ਚ ਪ੍ਰਦੂਸ਼ਣ ਫੈਲਾ ਰਹੀ ਹੈ, ਪ੍ਰੰਤੂ ਨਗਰ ਕੌਂਸਲ ਵਲੋਂ ਇਸ ਮਸਲੇ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸੇ ਦੌਰਾਨ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਉਹ ਸ਼ਹਿਰਾਂ 'ਚ ਵਧਾਈ ਗਈਆਂ ਨਕਸ਼ਾ ਫ਼ੀਸਾਂ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕਰਦੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਮਾੜੀ ਅਤੇ ਗ਼ੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਕਰਕੇ ਸੂਬੇ ਦੀ ਮਾਲੀ ਹਾਲਤ ਬਦ ਤੋਂ ਬੱਦਤਰ ਹੋ ਗਈ ਹੈ ਅਤੇ ਆਪਣੇ ਖ਼ਜ਼ਾਨੇ ਨੂੰ ਭਰਨ ਲਈ ਹੀ ਸਰਕਾਰ ਅਜਿਹੇ ਬੇਤੁੱਕੇ ਫ਼ੈਸਲੇ ਲੈ ਕੇ ਜਨਤਾ 'ਤੇ ਨਾਜਾਇਜ਼ ਬੋਝ ਪਾ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰੀ ਖੇਤਰਾਂ 'ਚ ਵਧਾਈਆਂ ਗਈਆਂ ਨਕਸ਼ਾ ਫ਼ੀਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਇਹ ਵਾਧੂ ਫ਼ੀਸਾਂ ਸ਼ਹਿਰਾਂ ਦੇ ਸਰਬਪੱਖੀ ਵਿਕਾਸ 'ਚ ਅੜਿੱਕਾ ਨਾ ਬਣ ਸਕਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਗਿੱਲ, ਬੀਬੀ ਸੁਖਵਿੰਦਰ ਕੌਰ, ਰਮਨ ਦੱਤਾ, ਮਾ. ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ, ਕਿ੍ਪਾਲ ਸਿੰਘ, ਗੁਰਮੁੱਖ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਤੇ ਮਹਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |