ਜ਼ੀਰਕਪੁਰ, 3 ਦਸੰਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਪੰਚਕੂਲਾ ਦੇ ਸੀ. ਜੇ. ਐੱਮ. ਦਫ਼ਤਰ ਵਿਚ ਤਾਇਨਾਤ ਇਕ ਸਰਕਾਰੀ ਡਰਾਈਵਰ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ 10 ਵਿਅਕਤੀਆਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ਇਨ੍ਹਾਂ ਹਮਲਾਵਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ, ਰੁਪਿੰਦਰ, ਸਤਨਾਮ ਤੇ ਸੱਤ-ਅੱਠ ਅਣਪਛਾਤਿਆਂ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸੂਰਜ ਕੁਮਾਰ (49) ਵਾਸੀ ਰਾਇਲ ਐਂਪਾਇਰ ਸੁਸਾਇਟੀ ਪੀਰਮੁਛੱਲਾ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 8:15 ਵਜੇ ਉਹ ਆਪਣੇ ਨੌਕਰ ਤੇ ਪਾਲਤੂ ਕੁੱਤੇ ਨਾਲ ਕਾਰ ਵਿਚ ਬਾਹਰ ਘੁੰਮਣ ਨਿਕਲਿਆ ਸੀ | ਇਸ ਦੌਰਾਨ ਨਵਪ੍ਰੀਤ ਮੈਡੀਕੋਜ਼ ਦੇ ਨੇੜੇ ਇਕ ਸਕਾਰਪੀਓ ਦੇ ਡਰਾਈਵਰ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਕਕਰਾਲੀ ਨੇ ਆਪਣੀ ਕਾਰ ਨੂੰ ਉਸ ਦੀ ਕਾਰ ਦੇ ਸਾਹਮਣੇ ਰੋਕ ਲਿਆ | ਇਸ ਦੌਰਾਨ ਜਦੋਂ ਉਸ ਨੇ ਹੈਪੀ ਨੂੰ ਕਾਰ ਇਕ ਪਾਸੇ ਕਰਨ ਲਈ ਕਿਹਾ ਤਾਂ ਉਸਦੀ ਹਰਪ੍ਰੀਤ ਤੇ ਉਸਦੇ ਸਾਥੀ ਸਤਨਾਮ ਸਿੰਘ ਨਾਲ ਬਹਿਸ ਹੋ ਗਈ | ਇਸ ਦੌਰਾਨ ਮੌਕੇ 'ਤੇ ਮੌਜੂਦ ਸੱਤ-ਅੱਠ ਨੌਜਵਾਨ ਵੀ ਉਨ੍ਹਾਂ ਨਾਲ ਰਲ ਗਏ | ਸੂਰਜ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਮੋਬਾਈਲ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਪ੍ਰੀਤ ਨੇ ਫ਼ੋਨ ਖੋਹ ਕੇ ਵੀਡੀਓ ਡਿਲੀਟ ਕਰ ਦਿੱਤੀ ਅਤੇ ਫ਼ੋਨ ਜ਼ਮੀਨ 'ਤੇ ਸੁੱਟ ਕੇ ਤੋੜ ਦਿੱਤਾ | ਇਸ ਤੋਂ ਬਾਅਦ ਮੁਲਜ਼ਮ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਹਰਪ੍ਰੀਤ ਨੇ ਉਸ ਦੇ ਸਿਰ 'ਤੇ ਮੁੱਕਾ ਮਾਰਿਆ, ਜਦਕਿ ਰੁਪਿੰਦਰ ਵਾਸੀ ਪੀਰਮੁਛੱਲਾ ਨੇ ਉਸ ਦੇ ਨੱਕ 'ਤੇ ਕਿਸੇ ਚੀਜ਼ ਨਾਲ ਵਾਰ ਕੀਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ ਅਤੇ ਉਨ੍ਹਾਂ ਨਾਲ ਰਲੇ ਹੋਰ ਨੌਜਵਾਨਾਂ ਨੇ ਵੀ ਉਸ ਨੂੰ ਲੱਤਾਂ ਤੇ ਮੁੱਕੇ ਮਾਰੇ ਅਤੇ ਕਾਰ ਦੀਆਂ ਚਾਬੀਆਂ ਖੋਹ ਲਈਆਂ | ਇਸ ਤੋਂ ਬਾਅਦ ਸਾਰੇ ਮੁਲਜ਼ਮ ਉਸ ਨੂੰ ਧਮਕੀਆਂ ਦਿੰਦੇ ਹੋਏ ਨੇੜਲੇ ਘਰ ਵਿਚ ਲੁਕ ਗਏ | ਇਸ ਘਟਨਾ ਤੋਂ ਬਾਅਦ ਉਸ ਨੇ 112 'ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪਰਿਵਾਰ ਨੂੰ ਵੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਦਾ ਪੁੱਤਰ ਮੌਕੇ 'ਤੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਵੀ ਡੰਡਿਆਂ ਤੇ ਕੁਹਾੜੀਆਂ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ | ਪਰਿਵਾਰ ਉਸ ਨੂੰ ਸੈਕਟਰ-6 ਦੇ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਉਸ ਦੀ ਮੈਡੀਕਲ ਰਿਪੋਰਟ ਵਿਚ ਦੋ ਸੱਟਾਂ ਦਰਜ ਕੀਤੀਆਂ ਗਈਆਂ ਹਨ |