16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਿਜਲੀ ਕਾਮਿਆਂ ਨੇ ਬਿਜਲੀ ਬਿੱਲ, ਬੀਜ ਬਿੱਲ ਅਤੇ 4 ਲੇਬਰ ਕੋਡਾਂ ਦੀਆਂ ਸਾੜੀਆਂ ਕਾਪੀਆਂ <br/>

ਅਜੀਤ ਡੈਸਕ 09-12-2025
ਲੁਧਿਆਣਾ, 8 ਦਸੰਬਰ (ਜਤਿੰਦਰ ਭੰਬੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪੰਜਾਬ ਭਰ ਵਿਚ ਬਿਜਲੀ ਸੋਧ ਬਿੱਲ-2025 ਤੇ ਬੀਜ ਬਿੱਲ ਦੇ ਖ਼ਿਲਾਫ਼ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਬਿਜਲੀ ਨਿਗਮ ਦੀਆਂ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਆਪਸੀ ਹੋਈ ਸਾਂਝ ਦੇ ਮੱਦੇਨਜ਼ਰ ਜਿਸ ਪ੍ਰਕਾਰ ਕਿਸਾਨ ਜਥੇਬੰਦੀਆਂ ਬਿਜਲੀ ਨਿਗਮ ਦੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁੱਦਿਆਂ ਨੂੰ ਚੁੱਕ ਰਹੀਆਂ ਹਨ, ਉਸੇ ਪ੍ਰਕਾਰ ਬਿਜਲੀ ਮੁਲਾਜ਼ਮਾਂ ਵਲੋਂ ਵੀ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਭਰ ਵਿਚ ਬਿਜਲੀ ਦਫ਼ਤਰਾਂ ਅੱਗੇ ਰੋਸ ਧਰਨੇ ਲਗਾਉਣ ਉਪਰੰਤ ਬਿਜਲੀ ਬਿੱਲ 2025 ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ | ਬਿਜਲੀ ਮੁਲਾਜ਼ਮਾਂ ਵਲੋਂ ਇਸ ਵਿਚ ਹੋਰ ਵਾਧਾ ਕਰਦੇ ਹੋਏ ਚਾਰ ਲੇਬਰ ਕੋਡਾਂ ਅਤੇ ਬਿਜਲੀ ਬੋਰਡ ਦੀਆਂ ਬੇਸ਼ਕੀਮਤੀ ਜ਼ਮੀਨਾਂ ਵੇਚਣ ਦੇ ਵਿਰੋਧ ਵਿਚ ਵੀ ਰੋਸ ਧਰਨੇ ਲਗਾਏ ਗਏ | ਬਿਜਲੀ ਮੁਲਾਜ਼ਮਾਂ ਵਲੋਂ ਚਾਰੇ ਮੁੱਦਿਆਂ ਨੂੰ ਲੈ ਕੇ ਅੱਜ ਸੁੰਦਰ ਨਗਰ ਡਿਵੀਜ਼ਨ ਵਿਖੇ ਵੀ ਭਰਵਾਂ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਇਸ ਮੌਕੇ ਧਰਨੇ ਦੀ ਅਗਵਾਈ ਟੀ.ਐਸ.ਯੂ. ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ, ਏ.ਓ, ਜੇ.ਈ ਦੇ ਸੂਬਾ ਮੀਤ ਪ੍ਰਧਾਨ ਇੰਜ: ਜਗਤਾਰ ਸਿੰਘ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਮੀਤ ਸੂਬਾ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਵਿਚ ਇਹ ਰੋਸ ਧਰਨਾ ਕਰਨ ਉਪਰੰਤ ਕਾਪੀਆਂ ਸਾੜਨ ਦੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਗਿਆ | ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦਾ ਉਹ ਸਖ਼ਤ ਵਿਰੋਧ ਕਰਦੇ ਹਨ, ਕਿਉਂਕਿ ਇਹ ਕਿਸਾਨਾਂ ਦੇ ਨਾਲ ਨਾਲ ਆਮ ਵਰਗ ਅਤੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ | ਇਸ ਤੋਂ ਇਲਾਵਾ ਜੇਕਰ ਚਾਰ ਲੇਬਰ ਕੋਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਮੁੱਚੇ ਮਜ਼ਦੂਰ ਵਰਗ ਦੇ ਵਿਰੋਧੀ ਹਨ | ਆਗੂਆਂ ਨੇ ਕਿਹਾ ਕਿ ਸਾਡੇ ਵਲੋਂ ਲਗਾਤਾਰ ਇਸ ਸਬੰਧੀ ਰੋਸ ਧਰਨੇ ਕੀਤੇ ਜਾ ਰਹੇ ਹਨ ਅਤੇ ਜੇਕਰ ਦੋਨਾਂ ਸਰਕਾਰਾਂ ਨੇ ਇਨ੍ਹਾਂ ਧਰਨਿਆਂ ਦੀ ਨਬਜ਼ ਨੂੰ ਸਮਝਦੇ ਹੋਏ ਆਪਣੇ ਫ਼ੈਸਲਿਆਂ ਨੂੰ ਵਾਪਸ ਨਾ ਲਿਆ ਤਾਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਤੋਂ ਭੋਰਾ ਗੁਰੇਜ਼ ਨਹੀਂ ਕਰਨਗੀਆਂ | ਇਸ ਮੌਕੇ ਸੁਰਜੀਤ ਸਿੰਘ, ਰਾਮਦਾਸ, ਕੁਲਬੀਰ ਸਿੰਘ, ਜਸਵਿੰਦਰ ਸਿੰਘ, ਧਰਮਿੰਦਰ, ਗੌਰਵ ਕੁਮਾਰ, ਦੀਪਕ ਕੁਮਾਰ, ਕਮਲਜੀਤ ਰਣੀਆ, ਕਮਲਦੀਪ ਸਿੰਘ, ਬਹਾਦਰ ਸਿੰਘ ਲੁਹਾਰਾ, ਸੀ.ਐਚ.ਵੀ. ਯੂਨੀਅਨ ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ, ਰਾਕੇਸ਼ ਕੁਮਾਰ ਅਤੇ ਵੱਡੀ ਗਿਣਤੀ ਦੇ ਵਿਚ ਬਿਜਲੀ ਕਾਮੇ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੜੀਵਾਰ ਖ਼ੂਨਦਾਨ ਕੈਂਪ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਗਲੀਆਂ ਦੀ ਮੁਰੰਮਤ ਲਈ 40 ਲੱਖ ਰੁਪਏ ਦਾ ਪ੍ਰੋਜੈਕਟ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।