ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਹਿਰੀ ਜਲ ਸਪਲਾਈ ਪ੍ਰੋਜੈਕਟ ਤਹਿਤ, ਵਰਲਡ ਬੈਂਕ (ਡਬਲਯੂ.ਬੀ.) ਦੇ ਅਧਿਕਾਰੀਆਂ ਦੇ ਇਕ ਵਫ਼ਦ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ਸਲਾਹਕਾਰ ਬੀ.ਕੇ.ਡੀ. ਰਾਜਾ ਦੀ ਅਗਵਾਈ ਵਿਚ ਵਰਲਡ ਬੈਂਕ ਦੇ ਵਫ਼ਦ ਨੇ ਬਿਲਗਾ ਸਾਈਟ (ਨੇੜੇ ਸਾਹਨੇਵਾਲ) ਦਾ ਦੌਰਾ ਕੀਤਾ, ਜਿੱਥੇ ਪ੍ਰੋਜੈਕਟ ਦੇ ਤਹਿਤ ਇਕ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.) ਸਥਾਪਤ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ, ਵਫ਼ਦ ਨੇ ਸ਼ਹਿਰ ਵਿਚ ਕਈ ਥਾਵਾਂ ਦਾ ਨਿਰੀਖਣ ਵੀ ਕੀਤਾ, ਜਿੱਥੇ ਪਾਣੀ ਵਾਲੀਆਂ ਟੈਂਕੀਆਂ (ਓ.ਐਚ.ਐਸ.ਆਰ.) ਬਣਾਈਆਂ ਜਾ ਰਹੀਆਂ ਹਨ | ਨਿਰੀਖਣ ਦੌਰਾਨ ਡਿਪਟੀ ਪ੍ਰੋਜੈਕਟ ਮੈਨੇਜਰ ਕਲਿਆਣ ਸਿੰਘਲ, ਨਿਗਰਾਨ ਇੰਜੀਨੀਅਰ ਪਾਰੁਲ ਗੋਇਲ, ਮੈਨੇਜਰ (ਵਾਤਾਵਰਣ ਅਤੇ ਸਮਾਜਿਕ), ਪੀ.ਐਮ.ਆਈ.ਡੀ.ਸੀ., ਬਾਦਲ ਸੋਨੀ; ਸਮਾਜਿਕ ਵਿਕਾਸ ਮਾਹਿਰ ਸੁਮਿਤ ਅਰੋੜਾ ਸਮੇਤ ਹੋਰ ਮੌਜੂਦ ਸਨ | ਵਰਲਡ ਬੈਂਕ ਅਤੇ ਏ.ਆਈ.ਆਈ.ਬੀ. ਦੁਆਰਾ ਫ਼ੰਡ ਕੀਤੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਪਹਿਲਾ ਪੜਾਅ ਲਗਭਗ 1300 ਕਰੋੜ ਰੁਪਏ (ਸਿਵਲ ਕਾਰਜ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ | ਇਸ ਪ੍ਰੋਜੈਕਟ ਤਹਿਤ, ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿਚ ਇਕ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.) ਵੀ ਬਣਾਇਆ ਜਾ ਰਿਹਾ ਹੈ ਜਿੱਥੋਂ ਸ਼ਹਿਰ ਨੂੰ ਟਰੀਟ ਕੀਤਾ ਸਤਹੀ ਪਾਣੀ ਸਪਲਾਈ ਕੀਤਾ ਜਾਵੇਗਾ | ਇਸ ਦੌਰਾਨ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਕੰਮ ਪੂਰਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ |