ਲੁਧਿਆਣਾ, 4 ਦਸੰਬਰ (ਡਾ.ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਵਲੋਂ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਪੱਧਰੀ ਫਿਲੇਟੈਲਿਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ | ਦੋ ਦਿਨਾਂ ਪ੍ਰਦਰਸ਼ਨੀ ਵਿਚ ਭਾਰਤ ਅਤੇ ਹੋਰ ਦੇਸ਼ਾਂ ਵਲੋਂ ਜਾਰੀ ਕੀਤੇ ਗਏ ਵੱਖ-ਵੱਖ ਵਿਸ਼ਿਆਂ 'ਤੇ ਬਹੁਤ ਹੀ ਦੁਰਲੱਭ ਅਤੇ ਵਿਭਿੰਨ ਡਾਕ ਟਿਕਟਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਇਸ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਤਲੁਜ- ਪੈਕਸ - 2025 'ਤੇ ਵਿਸ਼ੇਸ਼ ਕਵਰ ਜਾਰੀ ਕੀਤਾ | ਉਨ੍ਹਾਂ ਪੀ.ਏ.ਯੂ ਵਿਖੇ ਅਜਿਹੀ ਫਿਲੇਟੈਲਿਕ ਪ੍ਰਦਰਸ਼ਨੀ ਦੇ ਆਯੋਜਨ ਲਈ ਡਾਕ ਵਿਭਾਗ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਲੁਧਿਆਣਾ ਸਿਟੀ ਡਵੀਜ਼ਨ ਦੇ ਸੀਨੀਅਰ ਸੁਪਰਡੈਂਟ ਆਫ਼ ਡਾਕਘਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ | ਇਸ ਮੌਕੇ ਸੀਨੀਅਰ ਸੁਪਰਡੈਂਟ ਆਫ਼ ਡਾਕਘਰ, ਲੁਧਿਆਣਾ ਸਿਟੀ ਡਵੀਜ਼ਨ ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਭਾਰਤ ਅਤੇ ਦੁਨੀਆਂ ਭਰ ਦੇ ਲੋਕਾਂ ਵਿਚ ਡਾਕ ਟਿਕਟ ਦੀ ਦਿਲਚਸਪੀ ਅਤੇ ਭੂਮਿਕਾ ਨੂੰ ਫੈਲਾਉਣ ਲਈ ਵਚਨਬੱਧ ਹੈ | ਇਸ ਮੌਕੇ ਲੁਧਿਆਣਾ ਫਿਲੇਟੈਲਿਕ ਕਲੱਬ ਦੇ ਪ੍ਰਧਾਨ ਯਸ਼ਪਾਲ ਬੰਗੀਆ ਨੇ ਡਾਕ ਵਿਭਾਗ ਨੂੰ ਅਜਿਹੀ ਪ੍ਰਦਰਸ਼ਨੀ ਦੇ ਆਯੋਜਨ ਲਈ ਵਧਾਈ ਦਿੱਤੀ | ਇਸ ਮੌਕੇ ਸਕੂਲੀ ਵਿਦਿਆਰਥੀਆਂ ਲਈ ਲੇਖ ਲਿਖਣ ਅਤੇ ਸਟੈਂਪ ਡਿਜ਼ਾਈਨ ਮੁਕਾਬਲੇ ਵਿਚ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰਸ਼ਾਂਤ ਸਿੰਗਲਾ, ਡਿਪਟੀ ਸੁਪਰਡੈਂਟ ਆਫ਼ ਡਾਕਘਰ, ਲੁਧਿਆਣਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |