ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦਫ਼ਤਰਾਂ ਵਿਚ ਸੁਰੱਖਿਆ ਅਤੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਵੀਰਵਾਰ ਨੂੰ ਮਾਤਾ ਰਾਣੀ ਚੌਕ ਨੇੜੇ ਨਗਰ ਨਿਗਮ ਜ਼ੋਨ ਏ ਦਫ਼ਤਰ ਵਿਖੇ ਵਾਟਰਪਰੂਫਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਿਰੀਖਣ ਕੀਤਾ | ਪਿਛਲੇ ਬਰਸਾਤ ਦੇ ਮੌਸਮ ਦੌਰਾਨ ਕੁੱਝ ਥਾਵਾਂ 'ਤੇ ਲੀਕੇਜ ਦੀ ਰਿਪੋਰਟ ਆਉਣ ਤੋਂ ਬਾਅਦ ਛੱਤ ਦੀ ਵਾਟਰਪਰੂਫਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਜ਼ੋਨ ਏ ਦਫ਼ਤਰ ਵਿਖੇ ਮਹਿਲਾ ਸਟਾਫ਼ ਅਤੇ ਲੋਕਾਂ ਲਈ ਇਕ ਵਾਧੂ ਵਾਸ਼ਰੂਮ ਸਥਾਪਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ | ਇਮਾਰਤ ਦੀ ਜ਼ਮੀਨੀ ਮੰਜ਼ਿਲ 'ਤੇ ਇਕ ਮਹਿਲਾ ਵਾਸ਼ਰੂਮ ਹੈ, ਜਿਸ ਦੀ ਹਾਲਤ ਬਹੁਤ ਚੰਗੀ ਨਹੀਂ ਹੈ | ਮਹਿਲਾ ਸਟਾਫ਼ ਨੇ ਮੰਗ ਕੀਤੀ ਸੀ ਕਿ ਦਫ਼ਤਰ ਵਿਚ ਇਕ ਵਾਧੂ ਵਾਸ਼ਰੂਮ ਸਥਾਪਤ ਕੀਤਾ ਜਾਵੇ | ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਏ.ਟੀ.ਪੀ. ਗੁਰਵਿੰਦਰ ਸਿੰਘ, ਐਸ.ਡੀ.ਓ. ਅਕਸ਼ੈ ਬਾਂਸਲ, ਠੇਕੇਦਾਰ ਸਮੇਤ ਹੋਰ ਲੋਕ ਨਿਰੀਖਣ ਦੌਰਾਨ ਮੌਜੂਦ ਸਨ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਛੱਤ 'ਤੇ ਵਾਟਰਪਰੂਫਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਤਾਂ ਜੋ ਭਵਿੱਖ ਵਿਚ ਕੋਈ ਲੀਕੇਜ ਨਾ ਹੋਵੇ | ਮਹਿਲਾ ਸਟਾਫ਼ ਦੀ ਮੰਗ ਵੀ ਪੂਰੀ ਹੋ ਗਈ ਹੈ, ਕਿਉਂਕਿ ਦਫ਼ਤਰ ਵਿਚ ਇਕ ਵਾਧੂ ਵਾਸ਼ਰੂਮ ਸਥਾਪਤ ਕੀਤਾ ਜਾ ਰਿਹਾ ਹੈ | ਪਰਾਸ਼ਰ ਨੇ ਅੱਗੇ ਕਿਹਾ ਕਿ ਮੌਜੂਦਾ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਲਈ ਸਟਾਫ਼ ਤੋਂ ਨਿਯਮਤ ਫੀਡਬੈਕ ਲਈ ਜਾ ਰਹੀ ਹੈ, ਤਾਂ ਜੋ ਨਿਵਾਸੀਆਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ |