ਝਬਾਲ, 2 ਦਸੰਬਰ (ਸੁਖਦੇਵ ਸਿੰਘ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅਗਾੜਾ ਪਿਛਾੜਾ, ਬਾਬਾ ਦੀਪ ਸਿੰਘ, ਸੈਣ ਭਗਤ, ਬਾਬਾ ਬੁੱਢਾ ਸਾਹਿਬ ਦੀ ਮੀਟਿੰਗ ਗੁਰਦੁਆਰਾ ਬਾਬਾ ਸਿਧਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਵਾਲ, ਰਣਯੋਧ ਸਿੰਘ ਗੱਗੋਬੂਆ ਅਤੇ ਮਨਜਿੰਦਰ ਸਿੰਘ ਗੋਹਲਵੜ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਨਵੇਂ ਨਵੇਂ ਕਾਨੂੰਨ ਪੰਜਾਬ ਦੇ ਲੋਕਾਂ 'ਤੇ ਥੋਪ ਰਹੀ ਹੈ | ਬਿਜਲੀ ਖਰੜਾ 2025 ਨੂੰ ਲਾਗੂ ਕਰਨ ਲਈ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 2025 ਬਿਜਲੀ ਖਰੜਾ ਲਾਗੂ ਹੁੰਦਾ ਹੈ, ਤਾ ਸਾਰਾ ਕੁਝ ਕਾਰਪੋਰੇਟ ਘਰਾਣਿਆ ਦੇ ਹੱਥ ਵਿਚ ਚਲੇ ਜਾਵੇਗਾ, ਜਿਸ ਨਾਲ ਆਮ ਲੋਕਾਂ ਤੇ ਵੱਡਾ ਅਸਰ ਦਿਖਾਈ ਦੇਵੇਗਾ | ਉਨ੍ਹਾਂ ਕਿਹਾ ਕਿ ਬਿਨਾਂ ਬਿਜਲੀ ਤੋਂ ਮੀਟਰ ਚੱਲ ਰਹੇ ਹਨ ਅਤੇ 50-50 ਹਜ਼ਾਰ ਰੁਪਏ ਬਿੱਲ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਐਕਟ ਦੇ ਵਿਰੋਧ ਵਿਚ 5 ਦਸੰਬਰ ਨੂੰ ਦੋ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ | 10 ਦਸੰਬਰ ਨੂੰ ਚਿੱਪ ਵਾਲੇ ਮੀਟਰ ਉਤਾਰ ਕੇ ਦਫਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ | ਇਸ ਮੌਕੇ ਉਪਜੀਤ ਕੌਰ, ਬਲਜੀਤ ਸਿੰਘ ਝਬਾਲ, ਵੀਰ ਸਿੰਘ ਕੋਟ, ਮੁਖਤਾਰ ਸਿੰਘ ਬਾਕੀਪੁਰ, ਗੁਰਜੰਟ ਸਿੰਘ ਸੇਖ, ਕੁਲਜੀਤ ਸਿੰਘ ਛੀਨਾ, ਸਤਿੰਦਰ ਸਿੰਘ ਬਾਠ, ਅੰਗਰੇਜ਼ ਸਿੰਘ, ਜਸਮੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |