ਭਿੱਖੀਵਿੰਡ, 4 ਦਸੰਬਰ (ਬੌਬੀ)-ਬੀਤੀ ਕੱਲ੍ਹ ਬਲਾਕ ਦਫ਼ਤਰ ਭਿੱਖੀਵਿੰਡ ਵਿਖੇ ਬਲਾਕ ਸੰਮਤੀ ਚੋਣਾਂ ਸੰਬੰਧੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਕਾਂਗਰਸੀ ਉਮੀਦਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੀਤੀ ਧੱਕਾ ਮੁੱਕੀ ਅਤੇ ਫਾਈਲਾਂ ਖੋਹਣ ਦੀ ਘਟਨਾ ਵਾਪਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਪਣੇ ਬਲਾਕ ਸੰਮਤੀ ਭਿੱਖੀਵਿੰਡ ਦੇ ਉਮੀਦਵਾਰਾਂ ਦੀਆਂ ਫਾਈਲਾਂ ਜਮ੍ਹਾਂ ਕਰਵਾਉਣ ਲਈ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ ਦੇ ਗ੍ਰਹਿ ਵਿਖੇ ਇਕੱਤਰ ਹੋਏ ਅਤੇ ਆਪਣੇ ਉਮੀਦਵਾਰਾਂ ਦੀਆਂ ਫਾਈਲਾਂ ਚੈੱਕ ਕਰਕੇ ਜਮ੍ਹਾਂ ਕਰਾਉਣ ਲਈ ਭੇਜੀਆਂ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਬੀਤੀ ਕੱਲ੍ਹ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਸੀ ਅਤੇ ਪੁਲਿਸ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੀ ਵਰਕਰ ਬਣ ਕੇ ਕੰਮ ਕਰ ਰਹੀ ਸੀ, ਨੂੰ ਵੇਖਦਿਆਂ ਬੀਤੀ ਕੱਲ੍ਹ ਮੇਰੇ ਵਲੋਂ ਚੋਣ ਕਮਿਸ਼ਨਰ ਨੂੰ ਇਸ ਸੰਬੰਧੀ ਸਬੂਤਾਂ ਸਮੇਤ ਸ਼ਿਕਾਇਤ ਕੀਤੀ ਗਈ, ਜਿਸ 'ਤੇ ਚੋਣ ਕਮਿਸ਼ਨਰ ਵਲੋਂ ਯਕੀਨ ਦਿਵਾਇਆ ਗਿਆ ਕਿ ਨਾਮਜ਼ਦਗੀ ਪੱਤਰ ਹਰ ਹਾਲਤ ਵਿਚ ਜਮ੍ਹਾਂ ਕੀਤੇ ਜਾਣਗੇ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੀ ਤਾਂ ਰਾਜਨੀਤੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਸਾਡੇ 23 ਉਮੀਦਵਾਰਾਂ ਦੇ ਕਾਗਜ ਅਸੀਂ ਜਮ੍ਹਾਂ ਕਰਵਾ ਰਹੇ ਹਾਂ | ਉਨ੍ਹਾਂ ਚੋਣ ਅਧਿਕਾਰੀ ਧਰਮਪਾਲ ਸਿੰਘ ਦੀ ਗੱਲ ਕਰਦਿਆਂ ਕਿਹਾ ਕਿ ਉਸ ਵਲੋਂ ਜੋ ਬੀਤੀ ਕੱਲ ਰੋਲ ਅਦਾ ਕੀਤਾ ਗਿਆ ਹੈ, ਉਹ ਬਿਲਕੁਲ ਭੇਦਭਾਵ ਵਾਲਾ ਸੀ ਅਤੇ ਜੇ ਸਾਡੇ ਉਮੀਦਵਾਰਾਂ ਦੀਆਂ ਸਹੀ ਫਾਈਲਾਂ ਨੂੰ ਰੱਦ ਕੀਤਾ ਗਿਆ ਤਾਂ ਇਸ ਦੇ ਨਤੀਜੇ ਵੀ ਧਰਮਪਾਲ ਸਿੰਘ ਨੂੰ ਹੀ ਭੁਗਤਣੇ ਪੈਣਗੇ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ, ਅੰਮਿ੍ਤਬੀਰ ਸਿੰਘ ਸਰਪੰਚ ਦਿਆਲਪੁਰਾ, ਸਾਰਜ ਸਿੰਘ ਸਾਬਕਾ ਸਰਪੰਚ ਧੁੰਨ, ਜਗਮਲ ਸਿੰਘ ਸਰਪੰਚ ਕਾਜੀ ਚੱਕ, ਮਨਦੀਪ ਸਿੰਘ ਗੋਰਾ ਸਾਬਕਾ ਸਰਪੰਚ ਸਾਂਧਰਾ, ਸਤਨਾਮ ਸਿੰਘ ਸਾਬਕਾ ਸਰਪੰਚ ਭਿੱਖੀਵਿੰਡ, ਕੌਂਸਲਰ ਯਾਦਵਿੰਦਰ ਸਿੰਘ, ਕੌਂਸਲਰ ਨੀਰਜ ਧਵਨ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਦੇ ਉਮੀਦਵਾਰ ਹਾਜ਼ਰ ਸਨ |