ਅੰਮਿ੍ਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)-ਸਥਾਨਕ ਚਾਟੀਵਿੰਡ ਚੌਕ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਾ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਰੰਗ-ਰੋਗਨ ਕਰਨ ਦੀ ਸੇਵਾ ਅੱਜ ਜੈਕਾਰਿਆਂ ਦੀ ਗੰੂਜ 'ਚ ਆਰੰਭ ਕੀਤੀ ਗਈ | ਅੱਜ ਅਰਦਾਸ ਉਪਰੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਮੈਂਬਰ ਅਜੈਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਗੁ: ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਤੇ ਵਧੀਕ ਮੈਨੇਜਰ ਯੁਵਰਾਜ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਬੁਰਸ਼ ਨਾਲ ਹੱਥੀਂ ਰੰਗ ਕਰਕੇ ਰੰਗ ਦੀ ਸੇਵਾ ਦੀ ਰਸਮੀਂ ਆਰੰਭਤਾ ਕੀਤੀ | ਇਸ ਮੌਕੇ ਬਾਬਾ ਸੁਖਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਅਸਥਾਨ 'ਤੇ ਰੋਜ਼ਾਨਾਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ ਅਤੇ ਬਾਬਾ ਜੀ ਦਾ ਸ਼ਹੀਦੀ ਅਤੇ ਜਨਮ ਦਿਹਾੜੇ ਹਰ ਸਾਲ ਸੰਗਤਾਂ ਵੱਡੇ ਪੱਧਰ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਇਮਾਰਤ ਅਤੇ ਚੁਗਿਰਦੇ ਨੂੰ ਸੁੰਦਰ ਬਣਾਉਣ ਲਈ ਅੱਜ ਰੰਗ-ਰੋਗਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਜਨਮ ਦਿਹਾੜੇ ਦੇ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਏਗੀ | ਮੁੱਖ ਮੈਨੇਜਰ ਸ. ਧੰਗੇੜਾ ਨੇ ਕਿਹਾ ਕਿ ਸੰਤ ਭੂਰੀ ਵਾਲੇ ਮਹਾਂਪੁਰਸ਼ਾਂ ਵਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਦਾ ਵਿਸਤਾਰ, ਤਿੰਨ ਮੰਜ਼ਿਲਾ ਜ਼ਮੀਨਦੋਜ਼ ਪਾਰਕਿੰਗ ਅਤੇ ਦੋ ਮੰਜ਼ਿਲਾ ਲੰਗਰ ਹਾਲ ਦੀ ਇਮਾਰਤ ਦੀ ਉਸਾਰੀ ਦੀਆਂ ਦੀ ਵੱਡੀਆਂ ਸੇਵਾਵਾਂ ਦੇ ਕਾਰਜ ਵੀ ਚੱਲ ਰਹੇ ਹਨ | ਉਨ੍ਹਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਪੁਰਸ਼ਾਂ ਨੂੰ ਸੇਵਾ ਕਾਰਜਾਂ 'ਚ ਸਹਿਯੋਗ ਕਰਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸਵਿੰਦਰ ਸਿੰਘ, ਸਾਬਕਾ ਮੀਤ ਸਕੱਤਰ ਰਾਮ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚੌਕੀ ਸਾਹਿਬ ਵਾਲੇ, ਬਲਜੀਤ ਸਿੰਘ ਪੰਡੋਰੀ, ਤਰਵਿੰਦਰ ਸਿੰਘ ਮੋਨੂੰ, ਕੈਪਟਨ ਸਿੰਘ ਇੰਚਾਰਜ਼, ਅਮੀਰ ਸਿੰਘ, ਸੁੱਚਾ ਸਿੰਘ, ਇੰਦਰਜੀਤ ਸਿੰਘ, ਅਵਤਾਰ ਸਿੰਘ, ਬਾਬਾ ਕਰਨ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਫ਼ਤਿਹ ਸਿੰਘ, ਕੁੰਵਰ ਪ੍ਰਤਾਪ ਸਿੰਘ, ਬਾਬਾ ਗੁਰਿੰਦਰ ਸਿੰਘ ਲੱਕੀ, ਬਾਬਾ ਨਰਿੰਦਰ ਸਿੰਘ, ਬਾਬਾ ਯਾਦਵਿੰਦਰ ਸਿੰਘ, ਇੰਜੀ. ਸਾਹਿਲ ਸਿੰਘ, ਬਾਬਾ ਬਾਬਾ ਨਿਰਮਲ ਸਿੰਘ, ਬਾਬਾ ਗੁਰਜੀਤ ਸਿੰਘ ਅਤੇ ਬਾਬਾ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ |