ਅੰਮਿ੍ਤਸਰ, 9 ਦਸੰਬਰ (ਹਰਮਿੰਦਰ ਸਿੰਘ)¸ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਨਵਜੋਤ ਕੌਰ ਸਿੱਧੂ ਵਲੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਪੇਸ਼ ਕੀਤੇ ਜਾਂਦੇ 500 ਕਰੋੜ ਰੁਪਏ ਦੇ ਬਿਆਨ 'ਤੇ ਅੱਜ ਇੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ 'ਤੇ ਤੰਜ ਕੱਸਦਿਆਂ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਉਕਤ ਅਹੁਦੇ ਸੰਬੰਧੀ ਕਿੰਨੇ ਸੂਟਕੇਸ ਕਾਂਗਰਸ ਨੂੰ ਸੌਂਪੇ ਸਨ | ਸ: ਛੀਨਾ ਨੇ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਬਿਰਾਜਮਾਨ ਹੋਣ ਲਈ ਕਾਂਗਰਸ ਵਲੋਂ ਕਿੰਨੀ ਕੁ ਰਕਮ ਦੀ ਸੌਦੇਬਾਜ਼ੀ ਕੀਤੀ ਜਾਂਦੀ ਹੈ, ਇਸ ਸੰਬੰਧੀ ਪੰਜਾਬ ਦੇ ਲੋਕ ਕਾਂਗਰਸ ਪਾਸੋਂ ਜਵਾਬ ਮੰਗ ਰਹੇ ਹਨ | ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਛੀਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਜੋ ਕਿ ਨੇਕ ਦਿਲ, ਮਿਹਨਤਕਸ਼ ਅਤੇ ਮਿਲਵਰਤਣ ਸੁਭਾਅ ਵਜੋਂ ਜਾਣੇ ਜਾਂਦੇ ਹਨ, ਦੇ ਮਨਾਂ ਨੂੰ ਇਸ ਸੰਬੰਧੀ ਬਹੁਤ ਠੇਸ ਪੁੱਜੀ ਕਿ ਉਨ੍ਹਾਂ ਦੀਆਂ ਵੋਟਾਂ ਦਾ ਗਲਤ ਇਸਤੇਮਾਲ ਕਰਕੇ ਮੁੱਖ ਮੰਤਰੀ ਦੇ ਕੁਰਸੀ ਸਬੰਧੀ ਕਾਂਗਰਸ ਵਲੋਂ 500 ਕਰੋੜ ਰੁਪਏ ਦੀ ਅਤਿ ਨਿੰਦਣਯੋਗ ਅਤੇ ਘਟੀਆ ਪੱਧਰ ਦੀ ਰਵਾਇਤ ਚਲਾਈ ਜਾ ਰਹੀ ਹੈ, ਜੋ ਭੋਲੀਭਾਲੇ ਲੋਕਾਂ ਨਾਲ ਧੋਖਾ ਹੈ | ਉਨ੍ਹਾਂ ਕਾਂਗਰਸ ਹਾਈਕਮਾਂਡ ਦੇ ਨਾਲ-ਨਾਲ ਕੈਪਟਨ ਅਤੇ ਚੰਨੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਦੱਸਣ ਕਿ ਹੁਣ ਤੱਕ ਉਕਤ ਅਹੁਦੇ ਤੋਂ ਇਲਾਵਾ ਹੋਰਨਾਂ ਕਿਸ-ਕਿਸ ਅਹੁਦੇਦਾਰ ਲਈ ਕਿੰਨੀ ਕਿੰਨੀ ਸੌਦੇਬਾਜ਼ੀ ਕਰਕੇ ਖਰੀਦੋ-ਫਰੋਖਤ ਦੀ ਦੁਕਾਨਦਾਰੀ ਚਲਾਈ ਗਈ ਹੈ | ਉਨ੍ਹਾਂ ਕਿਹਾ ਕਿ ਅਗਾਂਹ ਭਵਿੱਖ 'ਚ ਭਾਵੇਂ ਕਿ ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣਨ ਦੀ ਕੋਈ ਸੰਭਾਵਨਾ ਨਹੀਂ ਪਰ ਫ਼ਿਰ ਵੀ ਉਹ ਹੋਰ ਕਿਹੜੇ 5 ਆਗੂ ਹਨ ਜੋ ਮੁੱਖ ਮੰਤਰੀ ਦੀ ਕੁਰਸੀ ਲਈ ਸੂਟਕੇਸ ਦੇਣ ਲਈ ਕਤਾਰ 'ਚ ਲੱਗੇ ਹੋਏ ਉਨ੍ਹਾਂ ਦੇ ਨਾਮ ਜਨਤਕ ਕਰਨ |