ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਦੀ ਰਿਸ਼ਵਤ ਸੰਬੰਧੀ ਕੀਤੇ ਖੁਲਾਸੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਭਿ੍ਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਚਿਹਰਾ ਉਜਾਗਰ ਹੋਇਆ ਹੈ | ਉਨ੍ਹਾਂ ਉਕਤ ਹੈਰਾਨ ਕਰਨ ਵਾਲੇ ਦਾਅਵਿਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਡਾ. ਸਿੱਧੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੀ ਉਮੀਦਵਾਰੀ ਲਈ ਕਿਸੇ ਵੀ ਵਿਅਕਤੀ ਨੂੰ ਪਾਰਟੀ ਦਾ ਚਿਹਰਾ ਬਣਨ ਲਈ '500 ਕਰੋੜ ਰੁਪਏ ਦਾ ਸੂਟਕੇਸ ਦੇਣਾ ਪੈਂਦਾ ਹੈ' | ਸ: ਛੀਨਾ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਖੁਲਾਸਾ ਕਾਂਗਰਸ ਪਾਰਟੀ ਦੇ ਰਾਜਨੀਤਿਕ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਕ ਸਾਬਕਾ ਕਾਂਗਰਸੀ ਆਗੂ ਜਨਤਕ ਤੌਰ 'ਤੇ ਇਹ ਸੁਝਾਅ ਦਿੰਦਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦਾ ਰਸਤਾ ਨਕਦੀ ਨਾਲ ਭਰੇ ਸੂਟਕੇਸਾਂ ਨਾਲ ਬਣਿਆ ਹੈ, ਤਾਂ ਇਹ ਕਾਂਗਰਸ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਅਤੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਕਿਵੇਂ ਲਏ ਜਾਂਦੇ ਹਨ, ਸੰਬੰਧੀ ਬਹੁਤ ਗੰਭੀਰ ਸਵਾਲ ਖੜ੍ਹੇ ਕਰਦਾ ਹੈ |