ਅੰਮਿ੍ਤਸਰ, 4 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ 14 ਦਸੰਬਰ ਨੂੰ ਨੂੰ ਹੋ ਰਹੀਆਂ ਚੋਣਾਂ 'ਚ ਨਾਮਜਦਗੀਆਂ ਦੇ ਆਖ਼ਰੀ ਦਿਨ ਅੱਜ ਉਮੀਦਵਾਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਵੱਡੀ ਤਾਦਾਦ 'ਚ ਉਮੀਦਵਾਰਾਂ ਵਲੋਂ ਕਾਗਜ਼ ਭਰੇ ਗਏ ਹਨ | ਇਹ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੇ 24 ਜ਼ੋਨਾਂ ਲਈ ਕਰਵਾਈਆਂ ਜਾ ਰਹੀਆਂ ਹਨ ਜਦੋਂ ਕਿ ਬਲਾਕ ਸੰਮਤੀਆਂ ਦੇ 195 ਜ਼ੋਨਾਂ ਲਈ ਚੋਣ ਨਾਮਜ਼ਦਗੀਆਂ ਭਰੀਆ ਜਾ ਰਹੀਆਂ ਹਨ | ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 3 ਦਸੰਬਰ ਦੁਪਹਿਰ 3 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਦੇ 24 ਜ਼ੋਨਾਂ ਲਈ 148 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ | ਪੰਚਾਇਤ ਸੰਮਤੀਆਂ 'ਚ ਪੰਚਾਇਤ ਸੰਮਤੀ ਅਜਨਾਲਾ ਦੇ 18 ਜ਼ੋਨ ਲਈ 125, ਰਮਦਾਸ ਦੇ 15 ਜ਼ੋਨ ਲਈ 96, ਰਈਆ ਦੇ 25 ਜ਼ੋਨਾਂ ਲਈ 129 , ਜੰਡਿਆਲਾ ਗੁਰੂ ਦੇ 25 ਜ਼ੋਨ ਲਈ 109, ਹਰਸ਼ਾ ਛੀਨਾ ਦੇ 15 ਜ਼ੋਨਾਂ ਲਈ 64, ਚੋਗਾਵਾਂ ਦੇ 20 ਜ਼ੋਨਾਂ ਲਈ 75, ਅਟਾਰੀ ਦੇ 21 ਜ਼ੋਨ ਲਈ 97, ਵੇਰਕਾ ਦੇ 23 ਜ਼ੋਨਾਂ ਲਈ 130 ਤੇ ਮਜੀਠਾ ਦੇ 18 ਜ਼ੋਨਾਂ ਲਈ 36 ਤੇ ਮਜੀਠਾ-2 ਦੇ 15 ਜ਼ੋਨਾਂ ਲਈ 45 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ | ਇਸ ਤਰ੍ਹਾਂ ਹੁਣ ਕੁਲ 906 ਉਮੀਦਵਾਰਾਂ ਲਈ ਹੀ ਨਾਮਜਦਗੀ ਪੱਤਰ ਭਰੇ ਗਏ ਹਨ | 14 ਦਸੰਬਰ ਨੂੰ ਹੋਣ ਵਾਲੀਆਂ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣ ਵਿਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ | ਹੁਣ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਸ਼ੁਕਰਵਾਰ ਨੂੰ ਹੋਵੇਗੀ | ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਦਿਨ ਸ਼ਨੀਵਾਰ ਸ਼ਾਮ 3 ਵਜੇ ਤੱਕ ਹੋਵੇਗੀ |