09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਾਬਾ ਗੁਰਬਖਸ਼ ਸਿੰਘ ਨਿਹੰਗ ਦਾ ਸ਼ਹੀਦੀ ਅਤੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ 18ਵੀਂ ਸਦੀ ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਆਏ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਸਾਥੀਆਂ ਸਮੇਤ ਸ਼ਹਾਦਤ ਦੇਣ ਵਾਲੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਦਾ ਸ਼ਹੀਦੀ ਦਿਹਾੜਾ ਅਤੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਰਧਾ ਸਹਿਤ ਮਨਾਏ ਗਏ | ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਾਲ ਸੰਬੰਧਿਤ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਤਿੰਦਰਪਾਲ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ | ਅਰਦਾਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਵਲੋਂ ਕੀਤੇ ਗਏ ਹਮਲੇ ਸਮੇਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹਾਦਤ ਪ੍ਰਾਪਤ ਕੀਤੀ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਵਲੋਂ ਰਾਗੀ ਜਥੇ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਸਮਾਗਮ ਵਿਚ ਅਰਦਾਸੀਏ ਭਾਈ ਗੁਰਚਰਨ ਸਿੰਘ, ਸੁਪਰਡੈਂਟ ਨਿਸ਼ਾਨ ਸਿੰਘ ਤੇ ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਬਿਕਰਮਜੀਤ ਸਿੰਘ ਝੰਗੀ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਜਸਬੀਰ ਸਿੰਘ, ਗੁਰਤਿੰਦਰਪਾਲ ਸਿੰਘ ਕਾਦੀਆ ਅਤੇ ਅਜੈ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ |
ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ : ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਭਗਤ ਸੈਣ ਜੀ ਦੇ ਜਨਮ ਦਿਹਾੜੇ ਮੌਕੇ ਵੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਹਜ਼ੂਰੀ ਰਾਗੀ ਭਾਈ ਹਰਪਾਲ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਗਾਇਣ ਕੀਤਾ | ਅਰਦਾਸ ਭਾਈ ਸੁਖਦੇਵ ਸਿੰਘ ਨੇ ਕੀਤੀ ਅਤੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਹੁਕਮਨਾਮਾ ਸਰਵਣ ਕਰਵਾਇਆ | ਇਸ ਮੌਕੇ ਵੀ ਮੁੱਖ ਮੈਨੇਜਰ ਸ: ਧੰਗੇੜਾ ਸਮੇਤ ਹੋਰ ਸ਼ੋ੍ਰਮਣੀ ਕਮੇਟੀ ਅਧਿਕਾਰੀ, ਕਰਮਚਾਰੀ ਤੇ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ ਐੱਨ.ਸੀ.ਸੀ. ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਆਖ਼ਰੀ ਦਿਨ ਉਮੀਦਵਾਰਾਂ ਦੀਆਂ ਲੱਗੀਆਂ ਕਤਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।