ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਅਤੇ ਸੀ. ਐੱਲ. ਯੂ. ਫੀਸ ਵਿਚ ਕੀਤਾ ਗਿਆ ਵਾਧਾ ਨਗਰ ਨਿਗਮ 'ਚ ਲਾਗੂ ਕੀਤਾ ਜਾ ਰਿਹਾ ਹੈ | ਜਿਸ ਦੇ ਨਾਲ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਲਈ ਵਸੂਲੀ ਜਾਣ ਵਾਲੀ ਫੀਸ 401 ਰੁਪਏ ਪ੍ਰਤੀ ਗਜ ਤੋਂ ਵਧਾ ਕੇ 692 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵਸੂਲੀ ਜਾਵੇ | ਇਸ ਤੋਂ ਇਲਾਵਾ ਸੀ. ਐੱਲ. ਯੂ. ਦੀ ਫੀਸ ਜੋ ਪਹਿਲਾਂ ਵੱਖ-ਵੱਖ ਸ਼ੇ੍ਰਣੀਆਂ ਅਨੁਸਾਰ 850 ਰੁਪਏ ਪ੍ਰਤੀ ਗਜ ਦੇ ਹਿਸਾਬ ਤੋਂ ਲੈ ਕੇ 1200 ਰੁਪਏ ਪ੍ਰਤੀ ਗਜ ਵਸੂਲੀ ਜਾਂਦੀ ਸੀ, ਉਹ ਹੁਣ 2200 ਰੁਪਏ ਪ੍ਰਤੀ ਗਜ਼ ਤੋਂ ਲੈ ਕੇ 2600 ਰੁਪਏ ਕਰੀਬ ਪ੍ਰਤੀ ਗਜ ਦੇ ਹਿਸਾਬ ਨਾਲ ਵਸੁਲੀ ਜਾਵੇਗੀ | ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਜੂਨ ਮਹੀਨੇ ਵਿਚ ਨੋਟਿਫਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਨੂੰ ਉਸ ਵੇਲੇ ਤੋਂ ਹੀ ਪੁੱਡਾ ਵਲੋਂ ਲਾਗੂ ਕਰ ਦਿੱਤਾ ਗਿਆ ਸੀ ਪਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਹਾਲ ਹੀ ਵਿਚ ਨਵੀਆਂ ਫੀਸਾਂ ਵਸੂਲਣ ਲਈ ਨੋਟੀਫਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਨਗਰ ਨਿਗਮ ਵਲੋਂ ਜੂਨ ਮਹੀਨੇ ਵਿਚ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਜਾਇਦਾਦਾਂ ਨੂੰ ਪਿਛਲੀਆਂ ਫੀਸਾਂ ਲੈ ਕੇ ਰੈਗੂਲਰ ਕੀਤਾ ਗਿਆ ਹੈ ਅਤੇ ਜਾਂ ਜਿਨ੍ਹਾਂ ਦਾ ਸੀ. ਐੱਲ. ਯੂ. ਕੀਤਾ ਗਿਆ ਉਨ੍ਹਾਂ ਕੋਲੋਂ ਵੀ ਨਵੀਆਂ ਫੀਸਾਂ ਅਨੁਸਾਰ ਬਕਾਇਆ ਦੀ ਵਸੂਲੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਸੰਬੰਧ ਵਿਚ ਨੋਟਿਸ ਕੱਢਣ ਦੀਆਂ ਹਦਾਇਤਾਂ ਕੀਤੀਆਂ ਹਨ | ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਲੋਕਾਂ ਵਲੋਂ ਆਪਣੀਆਂ ਜਾਇਦਾਦਾ ਰੈਗੂਲਰ ਕਰਵਾਈਆਂ ਹਨ ਜਾਂ ਸੀ. ਐੱਲ. ਯੂ. ਫੀਸਾਂ ਅਦਾ ਕੀਤੀਆਂ ਹਨ | ਉਨ੍ਹਾਂ ਨਵੀਆਂ ਫੀਸਾਂ ਅਨੁਸਾਰ ਭੁਗਤਾਨ ਕਰਨਾ ਪਵੇਗਾ |