ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰੋਡ ਅਤੇ ਬਾਈਪਾਸ ਨੂੰ ਜੋੜਦਾ ਗੁਮਟਾਲਾ ਬਾਈਪਾਸ 'ਤੇ ਆਵਾਜਾਈ ਦੇ ਜਾਮ ਆਮ ਹੀ ਲੱਗੇ ਰਹਿੰਦੇ ਹਨ | ਅੱਜ ਤਾਂ ਜਾਮ ਦੀ ਹੱਦ ਹੋ ਗਈ | ਕਰੀਬ ਤਿੰਨ ਘੰਟੇ ਲੋਕ ਆਵਾਜਾਈ ਦਾ ਜਾਮ 'ਚ ਲੱਗੇ ਰਹੇ | ਜਿਨ੍ਹਾਂ ਆਮ ਸ਼ਹਿਰੀਆਂ ਤੋਂ ਇਲਾਵਾ ਕੌਮਾਂਤਰੀ ਹਵਾਈ ਅੱਡੇ ਤੋਂ ਹਵਾਈ ਸਫ਼ਰ ਕਰਨ ਵਾਲੇ ਯਾਤਰੀ ਵੀ ਮੌਜੂਦ ਸਨ | ਅੰਮਿ੍ਤਸਰ ਗੁਮਟਾਲਾ ਬਾਈਪਾਸ ਜੋ ਸ਼ਹਿਰ ਦਾ ਸਭ ਤੋਂ ਆਵਾਜਾਈ ਵਾਲਾ ਚੌਕ ਹੈ | ਇਸ ਚੌਕ 'ਚੋਂ ਦੇਸ਼ ਵਿਦੇਸ਼ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਅਤੇ ਇੱਥੋਂ ਜਾਣ ਵਾਲੇ ਯਾਤਰੀ ਲੰਘਦੇ ਹਨ | ਇਹ ਰੂਟ ਬਹੁਤ ਹੀ ਵਿਅਸਤ ਰਹਿੰਦਾ ਹੈ, ਜਿਸ ਕਾਰਨ ਇਸ ਲਾਂਘੇ 'ਤੇ ਆਵਾਜਾਈ ਦੇ ਜਾਮ ਹੀ ਲੱਗਦੇ ਹਨ | ਜਿਸ ਕਾਰਨ ਕਈ ਵਾਰ ਹਵਾਈ ਸਫ਼ਰ 'ਤੇ ਜਾਣ ਵਾਲੇ ਯਾਤਰੀਆਂ ਦੀ ਉਡਾਣ ਨਿਕਲ ਜਾਂਦੀ ਹੈ | ਅੱਜ ਦੁਪਹਿਰ 12 ਵਜੇ ਤੋਂ ਕਰੀਬ ਸਾਢੇ ਤਿੰਨ ਵਜੇ ਤੱਕ ਚੌਕ ਦੇ ਚਾਰੋਂ ਪਾਸਿਆਂ 'ਤੇ ਆਵਾਜਾਈ ਦਾ ਕਈ ਕਿੱਲੋਮੀਟਰ ਲੰਬਾ ਜਾਮ ਲੱਗਾ ਰਿਹਾ | ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇੱਥੋਂ ਤੱਕ ਸਕੂਲਾਂ ਤੋਂ ਛੁੱਟੀ ਕਰਕੇ ਛੋਟੇ ਛੋਟੇ ਬੱਚਿਆਂ ਦੀਆਂ ਸਕੂਲ ਵੈਨਾਂ ਅਤੇ ਇਥੋਂ ਤੱਕ ਐਂਬੂਲੈਂਸਾਂ ਵੀ ਜਾਮ ਵਿਚ ਫਸੀਆਂ ਰਹੀਆਂ |
ਇਸ ਸਬੰਧ ਵਿਚ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਦੇ ਦਫ਼ਤਰ ਵੀ ਚੌਕ ਦੇ ਨੇੜੇ ਹੈ ਦਾ ਕਹਿਣਾ ਹੈ ਗੁਮਟਾਲਾ ਚੌਕ ਵਿਖੇ ਲੰਬੇ ਜਾਮ ਲੱਗਣਾ ਕੋਈ ਨਿੱਕੀ ਸਮੱਸਿਆ ਨਹੀਂ, ਇਹ ਬਹੁਤ ਵੱਡਾ ਮਸਲਾ ਹੈ | ਉਨ੍ਹਾਂ ਵਲੋਂ ਸਮੇਂ ਸਮੇਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨੂੰ ਇਸ ਚੌਕ 'ਚ ਆਵਾਜਾਈ ਸਿਗਨਲ ਲਾਈਟਾਂ ਲਗਾਉਣ ਅਤੇ ਚੌਕ ਨੂੰ ਖੁੱਲ੍ਹਾ ਕਰਨ ਲਈ ਕਿਹਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਵਲੋਂ ਸ਼ੁੱਕਰਵਾਰ ਨੂੰ ਸਵੇਰੇ ਆਪਣੀ ਟੀਮ ਸਮੇਤ ਮੌਕਾ ਦੇਖਿਆ ਜਾਵੇਗਾ | ਇਸ ਤੋਂ ਇਲਾਵਾ ਉਕਤ ਚੌਕ ਤੋਂ ਲੰਬੇ ਫਲਾਈਓਵਰ ਬਣਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ | ਇਸ ਸੰਬੰਧ ਵਿਚ ਇਲਾਕੇ ਦੇ ਵਸਨੀਕ ਬਲਕਾਰ ਸਿੰਘ ਸੋਹਲ ਅਤੇ ਅਮਰ ਸਿੰਘ ਭੰਗੂ ਨੇ ਦੱਸਿਆ ਕਿ ਆਵਾਜਾਈ ਜਾਮ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ | ਇਸ ਦੌਰਾਨ ਟਰੈਫ਼ਿਕ ਪੁਲਿਸ ਵਲੋਂ ਏਡੀਪੀ ਅਮਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਵਲੋਂ ਸਹਿਯੋਗ ਨਾ ਕੀਤੇ ਜਾਣ ਕਰਕੇ ਆਵਾਜਾਈ ਦੇ ਜਾਮ ਲੱਗਦੇ ਹਨ, ਪਰ ਪੁਲਿਸ ਮੁਲਾਜ਼ਮ ਲੋਕਾਂ ਦਾ ਸਹਿਯੋਗ ਕਰ ਰਹੇ ਹਨ |
ਹਵਾਈ ਅੱਡਾ ਮਾਰਗ 'ਤੇ ਗੁਮਟਾਲਾ ਚੌਕ 'ਚ ਲੱਗ ਰਹੇ ਆਵਾਜਾਈ ਦੇ ਜਾਮ ਯਾਤਰੀਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਹੋਏ ਖੱਜਲ ਖ਼ੁਆਰ
ਅਜੀਤ ਡੈਸਕ
05-12-2025