ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਬਿਲਡਿੰਗ ਵਿਭਾਗ ਵਲੋਂ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਏ. ਟੀ. ਪੀ. ਮਨਜੀਤ ਸਿੰਘ ਦੀ ਅਗਵਾਈ ਹੇਠ ਕੇਂਦਰੀ ਜ਼ੋਨ 4 ਦੇ ਇਲਾਕੇ ਮਹਾਂ ਸਿੰਘ ਗੇਟ ਵਿਖੇ ਤਿੰਨ ਹੋਟਲ ਨੁਮਾ ਬਹੁਮੰਜ਼ਲੀ ਇਮਾਰਤਾਂ 'ਤੇ ਕਾਰਵਾਈ ਕੀਤੀ ਗਈ | ਮਹਾਸਿੰਘ ਗੇਟ ਦੇ ਅੰਦਰੂਨੀ ਸਥਿਤ ਪੱਕੀ ਗਲੀ ਵਿਖੇ ਤਿੰਨ ਹੋਟਲਨੁਮਾ ਬਹੁਮੰਜ਼ਲੀ ਇਮਾਰਤਾਂ ਦਾ ਅਣ-ਅਧਿਕਾਰਤ ਤੌਰ 'ਤੇ ਨਿਰਮਾਣ ਹੋ ਰਿਹਾ ਸੀ | ਜਿਸ ਦੀਆਂ ਸ਼ਿਕਾਇਤਾਂ ਨਿਗਮ ਦਫ਼ਤਰ ਵਿਖੇ ਪਹੁੰਚਣ ਤੋਂ ਬਾਅਦ ਨਿਗਮ ਕਮਿਸ਼ਨਰ ਵਲੋਂ ਕਾਰਵਾਈ ਦੀਆਂ ਹਦਾਇਤਾਂ ਕੀਤੀਆਂ ਗਈਆਂ, ਜਿਸ 'ਤੇ ਬਿਲਡਿੰਗ ਵਿਭਾਗ ਵਲੋਂ ਉਕਤ ਤਿੰਨ ਇਮਾਰਤਾਂ ਨੂੰ ਤੋੜਿਆ ਗਿਆ ਅਤੇ ਉਨ੍ਹਾਂ ਸੀਲ ਕੀਤਾ ਗਿਆ | ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਇਮਾਰਤ ਦਾ ਨਕਸ਼ਾ ਪਾਸ ਕਰਵਾਇਆ ਜਾਵੇ ਅਤੇ ਉਸ ਦੇ ਅਨੁਸਾਰ ਹੀ ਉਸਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਹਰ ਅਣ-ਅਧਿਕਾਰਤ ਉਸਾਰੀ 'ਤੇ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ 'ਤੇ ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਤੋਂ ਇਲਾਵਾ ਪੁਲਿਸ ਪਾਰਟੀ ਅਤੇ ਨਿਗਮ ਦਾ ਹੋਰ ਸਟਾਫ਼ ਮੌਜੂਦ ਸੀ |