02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੀਆਂ ਰੌਸ਼ਨੀਆਂ 'ਚ ਜਗਮਗਾਇਆ ਅੰਮਿ੍ਤਸਰ, ਸ਼ੇਰ-ਏ-ਪੰਜਾਬ ਦਾ ਸ਼ਾਹੀ ਮਹਿਲ ਡੁੱਬਿਆ ਰਿਹਾ ਹਨੇਰੇ 'ਚ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਦੀਵਾਲੀ ਮੌਕੇ ਅੰਮਿ੍ਤਸਰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ, ਘਰਾਂ, ਮਾਰਕੀਟਾਂ, ਪਾਰਕਾਂ, ਸਮਾਰਕਾਂ ਸਮੇਤ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ 'ਚ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਦਿਲਖਿੱਚ ਸਜਾਵਟ ਕੀਤੀ ਗਈ | ਜਿਸ ਨਾਲ ਪੂਰਾ ਸ਼ਹਿਰ ਜਗਮਗਾ ਉੱਠਿਆ | ਦੂਜੇ ਪਾਸੇ ਸੰਬੰਧਿਤ ਵਿਭਾਗਾਂ ਦੀ ਨਜ਼ਰ-ਅੰਦਾਜ਼ੀ ਦੇ ਕਾਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਲਗਾਏ 'ਰਾਮ ਬਾਗ' ਵਿਚਲਾ 'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਹਨੇਰੇ 'ਚ ਡੁੱਬਿਆ ਰਿਹਾ | ਇਤਿਹਾਸਕ ਬਾਗ ਦੇ ਅੱਧ ਵਿਚਕਾਰ ਮਹਾਰਾਜਾ ਦੁਆਰਾ ਇਹ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦਾ ਮਹਿਲ) ਆਪਣੀ ਰਿਹਾਇਸ਼ ਲਈ ਸੰਨ 1819 'ਚ ਉਸਾਰਿਆ ਗਿਆ ਸੀ | ਦੱਸਣਯੋਗ ਹੈ ਕਿ ਸਿੱਖ ਰਾਜ ਦੀ ਇਸ ਮਹੱਤਵਪੂਰਨ ਧਰੋਹਰ ਦਾ ਕੁਝ ਹਿੱਸਾ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ, ਜਦਕਿ ਇਸ ਦਾ ਵੱਡਾ ਹਿੱਸਾ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਅਧੀਨ ਹੈ ਅਤੇ ਇਸ ਦੇ ਰੱਖ-ਰਖਾਅ ਅਤੇ ਖ਼ੂਬਸੂਰਤੀ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਥਾਨਕ ਨਗਰ ਨਿਗਮ ਪ੍ਰਸ਼ਾਸਨ ਦੀ ਹੈ | ਹੈਰਾਨੀ ਦੀ ਗੱਲ ਹੈ ਕਿ ਇਹ ਤਿੰਨੋਂ ਆਪਣੀ ਜ਼ਿੰਮੇਵਾਰੀਆਂ ਨਿਭਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ |
ਅੱਜ ਦੇਰ ਸ਼ਾਮ ਹਨੇਰੇ 'ਚ ਡੁੱਬੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿਖੇ ਮੋਮਬਤੀਆਂ ਨਾਲ ਰੌਸ਼ਨੀ ਕਰਨ ਪਹੁੰਚੇ ਸਥਾਨਕ ਸਮਾਜਿਕ ਕਾਰਕੁਨ ਅਤੇ ਵਿਰਾਸਤ ਪ੍ਰੇਮੀ ਇੰਜ. ਪਵਨ ਸ਼ਰਮਾ ਨੇ ਸਮਾਰਕ ਦੀ ਹੋ ਰਹੀ ਦੁਰਦਸ਼ਾ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਸਮਾਰਕ ਸਮੇਤ ਇਸ ਦੇ ਤਲਾਬ ਦੀ ਹਾਲਤ ਖਸਤਾ ਹੋ ਚੁਕੀ ਹੈ ਅਤੇ ਉਹ ਬਾਰਸ਼ ਦੇ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ | ਸਮਾਰਕ ਦੇ ਦੁਆਲੇ ਪਾਣੀ ਦੀ ਨਿਕਾਸੀ ਨਾਲ ਬਣਾਈਆਂ ਨਾਲੀਆਂ ਦੇ ਢੱਕਣ ਗ਼ਾਇਬ ਹਨ | ਪੁਰਾਤਤਵ ਵਿਭਾਗ ਵਲੋਂ ਸੁਰੱਖਿਅਤ ਸਮਾਰਕ ਐਲਾਨੇ ਜਾ ਚੁਕੇ ਰਾਮ ਬਾਗ ਦੀ ਮੌਜੂਦਾ ਹਾਲਤ ਇਹ ਸਪਸ਼ਟ ਕਰ ਦਿੰਦੀ ਹੈ ਕਿ ਸੂਬਾ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵਲੋਂ ਇਨ੍ਹਾਂ ਸਮਾਰਕਾਂ ਨੂੰ ਸਹੇਜਣ ਦੇ ਕੀਤੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ |

ਪਿਛਲੀ ਖ਼ਬਰ ਕਮਲ ਜੋਤੀ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਆਤਮ ਨਿਰਭਰ ਭਾਰਤ ਉੱਤੇ ਐੱਫ਼. ਡੀ. ਪੀ. ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।