ਅੰਮਿ੍ਤਸਰ, 21 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਪੁਲਿਸ ਲਾਈਨ ਕਮਿਸ਼ਨਰੇਟ ਪੁਲਿਸ ਵਲੋਂ ਵੱਖ-ਵੱਖ ਸਮਿਆਂ ਮੌਕੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਨਿੱਘੀ ਤੇ ਭਾਵਪੂਰਤ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਇਹ ਪ੍ਰੋਗਰਾਮ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਇਥੇ ਸ਼ਹੀਦੀ ਸਮਾਰਕ ਵਿਖੇ ਸੰਪੰਨ ਹੋਇਆ, ਜਿਸ 'ਚ ਸ਼ਹੀਦ ਪੁਲਿਸ ਪਰਿਵਾਰਾਂ ਨਾਲ ਸਾਬਕਾ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸ੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ, ਜਗਜੀਤ ਸਿੰਘ ਵਾਲੀਆ, ਡੀ. ਸੀ. ਪੀ. ਸਿਟੀ, ਰਵਿੰਦਰ ਪਾਲ ਸਿੰਘ ਸੰਧੂ, ਆਲਮ ਵਿਜੈ ਸਿੰਘ ਤੇ ਸਮੂਹ ਏ. ਡੀ. ਸੀ. ਪੀ. ਤੇ ਏ. ਸੀ. ਪੀਜ਼., ਮੁੱਖ ਅਫ਼ਸਰ ਥਾਣਾ ਅਤੇ ਪੁਲਿਸ ਜਵਾਨਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਸ੍ਰੀਮਤੀ ਖੁਸ਼ਬੀਰ ਕੌਰ ਏ. ਸੀ. ਪੀ. ਪਰੇਡ ਕਮਾਂਡਰ ਦੀ ਕਮਾਂਡ ਹੇਠ ਪੁਲਿਸ ਕਰਮਚਾਰੀਆਂ ਦੀ ਗਾਰਦ ਨੇ ਸ਼ਹੀਦਾਂ ਨੂੰ ਸ਼ੋਕ ਸਲਾਮੀ ਦਿੱਤੀ ਅਤੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ ਗਿਆ | ਏ.ਸੀ.ਪੀ. ਕਮਲਜੀਤ ਸਿੰਘ ਨੇ ਇਸ ਸਾਲ ਦੌਰਾਨ ਭਾਰਤ ਦੇ ਪੁਲਿਸ ਅਤੇ ਪੈਰਾਮਿਲਟ੍ਰੀ ਫੋਰਸ ਦੇ ਸ਼ਹੀਦ ਹੋਏ 191 ਜਵਾਨਾਂ ਦੇ ਨਾਮ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਸਾਲ ਰਾਜ ਦੇ ਤਿੰਨ ਜਵਾਨ ਸਬ-ਇੰਸਪੈਕਟਰ ਚਰਨਜੀਤ ਸਿੰਘ, ਏ.ਐੱਸ.ਆਈ. ਧਨਵੰਤ ਸਿੰਘ ਅਤੇ ਸਿਪਾਹੀ ਹਰਸ਼ਵੀਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ | ਅੰਤ 'ਚ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਦਾ ਦਿਨ ਪੁਲਿਸ ਵਿਭਾਗ ਵਿਚ ਬਹੁਤ ਮਹੱਤਤਾ ਰੱਖਦਾ ਹੈ | ਅੱਜ ਦੇ ਦਿਨ 21 ਅਕਤੂਬਰ, 1959 ਨੂੰ 10 ਜਵਾਨਾਂ ਦੀ ਇਕ ਟੁੱਕੜੀ ਲੱਦਾਖ ਵਿਚ, ਭਾਰਤ-ਚੀਨ ਦੇ ਬਾਰਡਰ ਪਰ ਗਸ਼ਤ ਕਰਦੇ ਹੋਏ ਸ਼ਹੀਦ ਹੋ ਗਈ ਸੀ | ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਸਾਡੀ ਪੁਲਿਸ ਪਰਿਵਾਰ ਦਾ ਅਟੁੱਟ ਹਿੱਸਾ ਹਨ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ਼ਮਸ਼ੇਰ ਸਿੰਘ (ਸੇਵਾਮੁਕਤ ਇੰਸਪੈਕਟਰ), ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨ ਐਸੋਸੀਏਸ਼ਨ ਅੰਮਿ੍ਤਸਰ, ਡਾ. ਰਾਕੇਸ਼ ਕੁਮਾਰ, ਸੇਵਾ ਮੁਕਤ ਇੰਸਪੈਕਟਰ ਪਰਮਜੀਤ ਸਿੰਘ ਤੇ ਇੰਸ: ਲਖਬੀਰ ਸਿੰਘ ਵੀਂ ਹਾਜ਼ਰ ਸਨ |