ਅੰਮਿ੍ਤਸਰ, 21 ਅਕਤੂਬਰ (ਹਰਮਿੰਦਰ ਸਿੰਘ)-ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਜੋ ਕਿ ਇਸ ਵਾਰ ਦੋ ਦਿਨ ਮਨਾਈ ਗਈ | ਦੀਵਾਲੀ ਦੇ ਪਹਿਲੇ ਦਿਨ 20 ਅਕਤੂਬਰ ਨੂੰ 24 ਘੰਟਿਆਂ ਵਿਚ 10 ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ | ਜਿਨ੍ਹਾਂ 'ਤੇ ਦੋ ਘਰ, ਦੋ ਦੁਕਾਨਾਂ, ਇਕ ਟਰੱਕ, ਦੋ ਖਾਲੀ ਪਲਾਟ, ਕਬਾੜ ਦਾ ਸਾਮਾਨ ਸ਼ਾਮਲ ਸੀ | ਇਸ ਅੱਗ 'ਤੇ ਫਾਇਰ ਬਿ੍ਗੇਡ ਦੇ ਵੱਖ ਵੱਖ ਸਟੇਸ਼ਨਾਂ ਦੀਆ ਟੀਮਾਂ ਨੇ ਕਾਬੂ ਪਾਇਆ | ਸਥਾਨਕ ਜਹਾਜਗੜ੍ਹ ਇਲਾਕੇ ਵਿਚ ਕਬਾੜ ਦੇ ਬੇਕਾਰ ਸਾਮਾਨ ਨੂੰ ਅੱਗ ਲੱਗ ਗਈ ਜਿਸ 'ਤੇ ਟਾਊਨ ਹਾਲ ਫਾਇਰ ਸਟੇਸ਼ਨ ਦੀ ਟੀਮ ਨੇ ਕਾਬੂ ਪਾਇਆ | ਇਸ ਦੌਰਾਨ ਕੋਰਟ ਰੋਡ ਇਲਾਕੇ 'ਚ ਸਥਿਤ ਸ਼ਿਵਾਨੀ ਮੋਟਰ ਵਿਖੇ ਇਕ ਟਰੱਕ ਨੂੰ ਅੱਗ ਲੱਗੀ ਜਿਸ 'ਤੇ ਸਿਵਲ ਲਾਈਨ ਦੀ ਟੀਮ ਵਲੋਂ ਕਾਬੂ ਪਾਇਆ ਗਿਆ | ਸਥਾਨਕ ਲੋਹਗੜ੍ਹ ਗੇਟ ਵਿਖੇ ਇਕ ਘਰ ਵਿਚ ਅੱਗ ਲੱਗ ਗਈ ਜਿਸ 'ਤੇ ਬੇਰੀ ਗੇਟ ਫਾਇਰ ਸਟੇਸ਼ਨ, ਸੇਵਾ ਸੰਮਿਤੀ ਫਾਇਰ ਸਟੇਸ਼ਨ, ਗਿਲਵਾਲੀ ਗੇਟ ਅਤੇ ਟਾਊਨ ਹਾਲ ਫਾਇਰ ਸਟੇਸ਼ਨ ਦੀਆਂ ਟੀਮਾਂ ਨੇ ਕਾਬੂ ਪਾਇਆ | ਭਾਈ ਮੰਝ ਰੋਡ ਵਿਖੇ ਇਕ ਖਾਲੀ ਪਲਾਟ 'ਚ ਅੱਗ ਲੱਗਣ 'ਤੇ ਗਿਲਵਾਲੀ ਗੇਟ ਦੀ ਟੀਮ ਨੇ ਕਾਬੂ ਪਾਇਆ | ਸਿਵਲ ਹਸਪਤਾਲ ਨੇੜੇ ਇਕ ਕਬਾੜ ਦੇ ਸਾਮਾਨ ਨੂੰ ਅੱਗ ਲੱਗ ਗਈ ਜਿਸ 'ਤੇ ਟਾਊਨ ਹਾਲ, ਢਾਬ ਬਸਤੀ ਰਾਮ ਅਤੇ ਸਿਵਲ ਲਾਈਨ ਦੀ ਟੀਮਾਂ ਵਲੋਂ ਕਾਬੂ ਪਾਇਆ | ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਰਾਮ ਬਾਗ ਵਿਖੇ ਪਲਾਸਟਿਕ ਦੇ ਸਾਮਾਨ ਵਾਲੀ ਇਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ 'ਤੇ ਟਾਊਨ ਹਾਲ, ਸਿਵਲ ਲਾਈਨ, ਸੇਵਾ ਸੰਮਿਤੀ ਫਾਇਰ ਸਟੇਸ਼ਨ ਦੀਆਂ ਟੀਮਾਂ ਨੇ ਕਾਬੂ ਪਾਇਆ | ਸਥਾਨਕ ਬਟਾਲਾ ਰੋਡ ਵਿਖੇ ਪ੍ਰੀਤ ਨਗਰ ਇਲਾਕੇ ਵਿਚ ਇਕ ਘਰ 'ਚ ਅੱਗ ਲੱਗੀ ਜਿਸ 'ਤੇ ਬੇਰੀ ਗੇਟ ਫਾਇਰ ਸਟੇਸ਼ਨ ਦੀ ਟੀਮ ਵਲੋਂ ਕਾਬੂ ਪਾਇਆ ਗਿਆ | ਲਾਰੇਂਸ ਰੋਡ ਸ਼ਾਸ਼ਤਰੀ ਨਗਰ ਵਿਖੇ ਇਕ ਦੁਕਾਨ ਨੂੰ ਅੱਗ ਲੱਗੀ ਜਿਸ 'ਤੇ ਫੋਕਲ ਪੁਆਇੰਟ ਫਾਇਰ ਸਟੇਸ਼ਨ ਦੀ ਟੀਮ ਨੇ ਕਾਬੂ ਪਾਇਆ | ਮਜੀਠਾ ਰੋਡ ਵਿਖੇ ਖਾਲੀ ਪਲਾਟ 'ਚ ਅਤੇ ਪੁਤਲੀਘਰ ਵਿਖੇ ਮੀਟਰ ਦੇ ਬਕਸਿਆਂ ਨੂੰ ਅੱਗ ਲੱਗੀ ਜਿਸ 'ਤੇ ਕ੍ਰਮਵਾਰ ਗਿਲਵਾਲੀ ਗੇਟ ਅਤੇ ਸਿਵਲ ਲਾਈਨ ਫਾਇਰ ਸਟੇਸ਼ਨ ਦੀਆਂ ਟੀਮਾਂ ਨੇ ਕਾਬੂ ਪਾਇਆ |