ਪੰਜਾਬ ਦਿਵਸ ਮੌਕੇ ਲੇਖਕਾਂ ਅਤੇ ਸਾਹਿਤਕਾਰਾਂ ਵਲੋਂ ਪੰਜਾਬ ਅਤੇ ਪੰਜਾਬੀ ਦੇ ਮੁੱਦਿਆਂ ਤੋਂ ਮੂੰਹ ਫੇਰਨ ਲਈ ਰਾਜਸੀ ਧਿਰਾਂ ਦੀ ਆਲੋਚਨਾ
ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਪੰਜਾਬੀ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਮਹਿਲ ਸਿੰਘ, ਸੁਸ਼ੀਲ ਦੁਸਾਂਝ ਤੇ ਮੱਖਣ ਕੁਹਾੜ ਆਦਿ ਨੇ ਪੰਜਾਬ ਦਿਵਸ ਮੌਕੇ ਪੰਜਾਬ ਅਤੇ ਪੰਜਾਬੀ ਦੇ ਮੁੱਦਿਆਂ ਤੋਂ ਮੂੰਹ ਫੇਰਨ ਲਈ ਪੰਜਾਬ ਦੀਆਂ ਰਾਜਸੀ ਧਿਰਾਂ ਦੀ ਆਲੋਚਨਾ ਕੀਤੀ ਹੈ।
ਸ਼
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਥਾਕਾਰ ਦੀਪ ਦੇਵਿੰਦਰ ਸਿੰਘ ਤੇ ਸਾਹਿਤਕਾਰ ਸੁਸ਼ੀਲ ਦੁਸਾਂਝ ਦੀਆਂ ਤਸਵੀਰਾਂ। ਅਜੀਤ ਤਸਵੀਰਾਂ
01-11-2026
ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਪੰਜਾਬੀ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਮਹਿਲ ਸਿੰਘ, ਸੁਸ਼ੀਲ ਦੁਸਾਂਝ ਤੇ ਮੱਖਣ ਕੁਹਾੜ ਆਦਿ ਨੇ ਪੰਜਾਬ ਦਿਵਸ ਮੌਕੇ ਪੰਜਾਬ ਅਤੇ ਪੰਜਾਬੀ ਦੇ ਮੁੱਦਿਆਂ ਤੋਂ ਮੂੰਹ ਫੇਰਨ ਲਈ ਪੰਜਾਬ ਦੀਆਂ ਰਾਜਸੀ ਧਿਰਾਂ ਦੀ ਆਲੋਚਨਾ ਕੀਤੀ ਹੈ। ਜਾਰੀ ਸਾਂਝੇ ਬਿਆਨ ਵਿਚ ਉਕਤ ਸਾਹਿਤਕਾਰਾਂ ਤੇ ਬੁੱਧਜੀਵੀਆਂ ਨੇ ਕਿਹਾ ਨਿਰੋਲ ਭਾਸ਼ਾ ਦੇ ਅਧਾਰ ‘ਤੇ ਕਾਇਮ ਹੋਏ ਪੰਜਾਬੀ ਸੂਬੇ ਨੇ ਬੇਸ਼ਕ ਅੱਧੀ ਸਦੀ ਤੋਂ ਵੀ ਵੱਧ ਪੈਂਡਾ ਤੈਅ ਕਰ ਲਿਆ ਹੈ, ਫਿਰ ਵੀ ਸਰਕਾਰੇ ਦਰਬਾਰੇ ਮਾਤ ਭਾਸ਼ਾ ਦੀ ਸਥਿੱਤੀ ਕੋਈ ਬਹੁਤੀ ਵਧੀਆ ਨਹੀਂ ਅਤੇ ਅਫ਼ਸਰਸ਼ਾਹੀ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਦਫ਼ਤਰੀ ਕੰਮਕਾਜ ਪੰਜਾਬੀ ‘ਚ ਕਰਨ ਤੋਂ ਟਾਲਾ ਵੱਟਦੀ ਹੈ। ਦੀਪ ਦੇਵਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਉਨ੍ਹਾਂ ਰਾਜਸੀ ਪਾਰਟੀਆਂ ਤੇ ਤਨਜ਼ ਕੱਸਦਿਆਂ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਨੇ ਸੂਬੇ ਅੰਦਰ ਰਾਜ ਭਾਗ ਤਾਂ ਭੋਗਿਆ ਪਰ ਮਾਤ ਭਾਸ਼ਾ ਪੰਜਾਬੀ ਦੀ ਬੇਹਤਰੀ ਲਈ ਸਭ ਨੇ ਟਾਲਾ ਵੱਟਿਆ। ਉਹਨਾ ਕਿਹਾ ਕਿ ਸਾਢੇ ਪੰਜ ਦਹਾਕੇ ਤੋਂ ਵੀ ਜਿਆਦਾ ਸਮਾਂ ਬੀਤਣ ‘ਤੇ ਵੀ ਪੰਜਾਬੀ ਭਾਸ਼ੀ ਸੂਬੇ ਨੂੰ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਆਪਣੀ ਹਾਈ ਕੋਰਟ ਨਸੀਬ ਹੋਈ। ਉਹਨਾ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਤ ਭਾਸ਼ਾ ‘ਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਹਿਤ ਸਾਇੰਸ, ਕਾਨੂੰਨ ਅਤੇ ਤਕਨੀਕੀ ਵਿਦਿਆ ਸਮੇਤ ਉਚੇਰੀ ਪੜਾਈ ਦੀ ਪੜਨ ਸੱਮਗਰੀ ਦਾ ਬੰਦੋਬਸਤ ਪੰਜਾਬੀ ‘ਚ ਕਰਕੇ ਸਕੂਲਾਂ ਕਾਲਜਾਂ ਵਿਚ ਖਾਲੀ ਅਸਾਮੀਆਂ ਪਹਿਲ ਦੇ ਅਧਾਰ ’ਤੇ ਭਰੀਆਂ ਜਾਣ। ਉਹਨਾ ਭਾਸ਼ਾ ਟ੍ਰਿਬਿਉਨਲ ਕਾਇਮ ਕਰਕੇ ਪੰਜਾਬੀ ‘ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਜ਼ਾ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡਾ. ਮਨਜਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਬਲਜੀਤ ਰਿਆੜ, ਮੁਖਤਾਰ ਗਿੱਲ, ਐਸ ਪ੍ਰਸ਼ੋਤਮ,ਵਜ਼ੀਰ ਸਿੰਘ ਰੰਧਾਵਾ, ਪ੍ਰੋ: ਭੁਪਿੰਦਰ ਸਿੰਘ ਜੌਲੀ, ਸੁਮੀਤ ਸਿੰਘ ਤਰਕਸ਼ੀਲ, ਡਾ ਕਸ਼ਮੀਰ ਸਿੰਘ, ਪ੍ਰਿੰ ਕੁਲਵੰਤ ਸਿੰਘ ਅਣਖੀ, ਇਕਵਾਕ ਸਿੰਘ ਪੱਟੀ, ਗੁਰਜਿੰਦਰ ਸਿੰਘ ਬਘਿਆੜੀ, ਸਤਿੰਦਰਜੀਤ, ਜਸਬੀਰ ਕੌਰ, ਮਨਮੋਹਨ ਸਿੰਘ ਢਿੱਲੋਂ ਤੇ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਵੀ ਇ੍ਹਨਾਂ ਮੰਗਾਂ ਲਈ ਸਹਿਮਤੀ ਜਤਾਈ।