ਸੁਲਤਾਨਵਿੰਡ, 21 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਪੁਰਾਣੇ ਮਾਮਲੇ 'ਚ ਭਗੌੜੇ ਨੌਜਵਾਨ ਨੂੰ ਦੋ ਨਾਜਾਇਜ਼ ਪਿਸਟਲਾਂ, ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਹੋਈ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸਿਟੀ ਵਨ ਵਿਸ਼ਾਲਜੀਤ ਸਿੰਘ, ਏ. ਸੀ. ਪੀ. ਪ੍ਰਵੇਸ਼ ਚੋਪੜਾ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖੀ ਇੰਸਪੈਕਟਰ ਲਵਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਇਕ ਪੁਰਾਣੇ ਮਾਮਲੇ 'ਚ ਲੋੜੀਂਦਾ ਨੌਜਵਾਨ ਜੋ ਪਿਛਲੇ ਕਾਫੀ ਚਿਰ ਤੋਂ ਭਗੌੜਾ ਸੀ ਨੂੰ ਅੱਜ ਐੱਸ. ਆਈ. ਸੁਲੱਖਣ ਸਿੰਘ ਦੀ ਅਗਵਾਈ ਹੇਠ, ਏ. ਐੱਸ. ਆਈ. ਗੁਰਦੇਵ ਸਿੰਘ, ਏ. ਐੱਸ. ਆਈ. ਗੁਰਮੇਜ ਸਿੰਘ ਅਤੇ ਸ਼ਿਪਾਹੀ ਦਲਜੀਤ ਸਿੰਘ ਵਲੋਂ ਸੁਲਤਾਨਵਿੰਡ ਤੋਂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਨੂੰ ਮਾਣਯੋਗ ਅਦਾਲਤ ਦੀ ਅਦਾਲਤ ਤੋਂ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਇਸ ਦੀ ਨਿਸ਼ਾਨਦੇਹੀ ਤੇ ਇਸ ਕੋਲੋਂ ਨਾਜਾਇਜ਼ ਇਕ ਪਿਸਟਲ ਬੱਤੀ ਬੋਰ, ਇਕ ਪਿਸਟਲ 9 ਐੱਮ. ਐੱਮ. ਪਿਸਟਲ, 35 ਹਜ਼ਾਰ ਡਰੱਗ ਮਨੀ, ਦੋ ਜਿੰਦਾ ਰੌਂਦ ਤੇ 10 ਗ੍ਰਾਮ 48 ਮਿਲੀ ਹੈਰੋਇਨ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸਾਜਣ ਸਿੰਘ ਕਾਣਾ ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਸੁਲਤਾਨ ਦੀ ਨੇੜੇ ਜੰਝ ਘਰ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ ਜਿਸ ਅੱਜ ਜੇਲ੍ਹ ਭੇਜ ਦਿੱਤਾ ਜਾਵੇਗਾ |