ਫ਼ਾਜ਼ਿਲਕਾ,4 ਦਸੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਦਫ਼ਤਰ ਵਿਚ ਮਹੀਨਾਵਾਰ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਐਨ.ਵੀ.ਬੀ.ਡੀ.ਸੀ.ਪੀ (ਨੈਸ਼ਨਲ ਵੈਕਟਰ ਬੋਰਨ ਡਿਸੀਜ ਕੰਟਰੋਲ ਪ੍ਰੋਗਰਾਮ) ਬਰਾਂਚ ਦੇ ਅਧਿਕਾਰੀਆਂ ਦੇ ਨਾਲ ਤੰਬਾਕੂ ਨੋਸ਼ੀ ਰੋਕਥਾਮ ਸੈੱਲ ਦੇ ਪ੍ਰਤੀਨਿਧੀ ਅਤੇ ਸਮੂਹ ਐੱਸ.ਆਈ ਅਤੇ ਮੇਲ ਵਰਕਰ ਵੀ ਮੌਜੂਦ ਰਹੇ | ਮੀਟਿੰਗ ਦੀ ਅਗਵਾਈ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕੀਤੀ ਗਈ | ਜਿਸ ਵਿਚ ਉਨ੍ਹਾਂ ਵਲੋਂ ਸਿਹਤ ਖੇਤਰ ਨਾਲ ਜੁੜੀਆਂ ਵੱਖ-ਵੱਖ ਚੁਨੌਤੀਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਦੌਰਾਨ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ.ਸੁਨੀਤਾ ਕੰਬੋਜ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾਕਟਰ ਪੰਕਜ ਚੌਹਾਨ ਮੌਜੂਦ ਸੀ | ਸਿਵਲ ਸਰਜਨ ਨੇ ਸਭ ਤੋਂ ਪਹਿਲਾਂ ਐਨ.ਵੀ.ਬੀ.ਡੀ.ਸੀ.ਪੀ ਬਰਾਂਚ ਵਲੋਂ ਚੱਲ ਰਹੀਆਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਅਤੇ ਹੋਰ ਵੈਕਟਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਫ਼ੀਲਡ ਟੀਮਾਂ ਨੂੰ ਹੋਰ ਜ਼ਿਆਦਾ ਤੀਬਰਤਾ ਨਾਲ ਕੰਮ ਕਰਨ ਦੀ ਲੋੜ ਹੈ | ਇਸ ਸੰਬੰਧ ਵਿਚ ਘਰ-ਘਰ ਦੌਰੇ, ਸਰੋਤ ਘਟਾਉਣ, ਫੋਗਿੰਗ, ਲਾਰਵਾ ਜਾਂਚ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ | ਉਨ੍ਹਾਂ ਕਿਹਾ ਕਿ ਸਰਦੀਆਂ ਸ਼ੁਰੂ ਹੋਣ ਕਾਰਨ ਡੇਂਗੂ ਕੇਸ ਕਾਫ਼ੀ ਘੱਟ ਗਏ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਨੀਟਰਨਿੰਗ ਰਿਪੋਰਟਾਂ ਨੂੰ ਸਮੇਂ-ਸਿਰ ਅੱਪਲੋਡ ਕੀਤਾ ਜਾਵੇ ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਮੀਟਿੰਗ ਦੌਰਾਨ ਤੰਬਾਕੂ ਨੋਸ਼ੀ ਰੋਕਥਾਮ ਸੈੱਲ ਵਲੋਂ ਤੰਬਾਕੂ ਦੀ ਵਰਤੋਂ ਤੇ ਕੰਟਰੋਲ ਕਰਨ ਦੇ ਨੂੰ ਲੈ ਕੇ ਕਾਰਵਾਈਆਂ ਉਲੀਕਣ ਬਾਰੇ ਵਿਚਾਰ ਪ੍ਰਗਟ ਕੀਤੇ ਗਏ | ਸਿਵਲ ਸਰਜਨ ਨੇ ਕਿਹਾ ਕਿ ਤੰਬਾਕੂ ਸਿਰਫ਼ ਨਸ਼ਾ ਨਹੀਂ, ਸਗੋਂ ਇਕ ਗੰਭੀਰ ਸਿਹਤ ਖ਼ਤਰਾ ਹੈ ਜੋ ਫੇਫੜਿਆਂ ਦੇ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਕਈ ਜੀਵਨ-ਘਾਤਕ ਬਿਮਾਰੀਆਂ ਦਾ ਕਾਰਨ ਬਣਦਾ ਹੈ | ਇਸ ਲਈ ਜ਼ਿਲ੍ਹੇ ਵਿਚ ਕੋਟਪਾ ਐਕਟ ਦੀ ਕੜੀ ਪਾਲਨਾ ਨੂੰ ਯਕੀਨੀ ਬਣਾਉਣ ਲਈ ਐੱਸ.ਆਈ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ਤ ਕੀਤਾ ਗਿਆ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੇ ਚਲਾਨ ਕੱਟਣ ਬਾਰੇ ਨਿਰਦੇਸ਼ ਦਿੱਤੇ ਗਏ | ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਸਕੂਲਾਂ, ਕਾਲਜਾਂ, ਬਾਜ਼ਾਰਾਂ, ਬੱਸ ਅੱਡਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ | ਐੱਸ.ਆਈ ਨੂੰ ਖ਼ਾਸ ਤੌਰ 'ਤੇ ਉਨ੍ਹਾਂ ਸਥਾਨਾਂ ਦੀ ਨਿਗਰਾਨੀ ਦੇ ਨਿਰਦੇਸ਼ ਦਿੱਤੇ ਗਏ ਜਿੱਥੇ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਵੇਚਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ | ਇਸ ਤੋਂ ਇਲਾਵਾ, ਜ਼ਿਲੇ੍ਹ ਵਿਚ ਤੰਬਾਕੂ ਮੁਕਤ ਸਿੱਖਿਆ ਸੰਸਥਾ ਮੁਹਿੰਮ ਨੂੰ ਹੋਰ ਤੀਬਰ ਕਰਨ ਲਈ ਵੀ ਯੋਜਨਾ ਤਿਆਰ ਕੀਤੀ ਗਈ | ਸਿਵਲ ਸਰਜਨ ਨੇ ਕਿਹਾ ਕਿ ਐਨ.ਵੀ.ਬੀ.ਡੀ.ਸੀ.ਪੀ ਅਤੇ ਤੰਬਾਕੂ ਨੋਸ਼ੀ ਰੋਕਥਾਮ ਦੋਵੇਂ ਸੈਕਸ਼ਨਾਂ ਦਾ ਕੰਮ ਸਿੱਧੇ ਤੌਰ 'ਤੇ ਜਨਤਾ ਦੀ ਸਿਹਤ ਨਾਲ ਜੁੜਿਆ ਹੈ, ਜਿਸ ਕਰਕੇ ਇਹ ਜ਼ਰੂਰੀ ਹੈ ਕਿ ਹਰ ਕਰਮਚਾਰੀ ਆਪਣੀ ਜ਼ਿੰਮੇਵਾਰੀ ਨੂੰ ਬਖ਼ੂਬੀ ਨਿਭਾਏ | ਉਨ੍ਹਾਂ ਨੇ ਸਾਰੇ ਐੱਸ ਆਈ ਅਤੇ ਹੈਲਥ ਵਰਕਰ ਨੂੰ ਜ਼ਮੀਨੀ ਪੱਧਰ 'ਤੇ ਨਤੀਜਾ-ਪ੍ਰਧਾਨ ਕੰਮ ਕਰਨ ਦੀ ਹਦਾਇਤ ਦਿੱਤੀ | ਅੰਤ ਵਿਚ ਸਿਵਲ ਸਰਜਨ ਨੇ ਕਿਹਾ ਕਿ ਜੇ ਸਾਰੇ ਵਿਭਾਗ ਮਿਲ-ਜੁਲ ਕੇ ਕੰਮ ਕਰਨ, ਤਾਂ ਜ਼ਿਲ੍ਹੇ ਨੂੰ ਵੈਕਟਰ ਬੋਰਨ ਬਿਮਾਰੀਆਂ ਤੋਂ ਮੁਕਤ ਕਰਨ ਅਤੇ ਤੰਬਾਕੂ ਨੋਸ਼ੀ ਘਟਾਉਣ ਦੇ ਉਦੇਸ਼ ਨੂੰ ਤੇਜ਼ੀ ਨਾਲ ਹਾਸਲ ਕੀਤਾ ਜਾ ਸਕਦਾ ਹੈ | ਮੀਟਿੰਗ ਵਿਚ ਮਹੀਨੇ ਦੇ ਕੰਮ ਦੀ ਰੀਵਿਊ ਦੇ ਨਾਲ-ਨਾਲ ਆਉਣ ਵਾਲੇ ਮਹੀਨੇ ਦੀ ਕਾਰਵਾਈ ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ ਗਈ | ਇਸ ਦੌਰਾਨ ਵਿਜੈ ਕੁਮਾਰ, ਲਖਵਿੰਦਰ ਸਿੰਘ, ਸੁਮਨ ਕੁਮਾਰ, ਟਹਿਲ ਸਿੰਘ, ਸਵਰਨ ਸਿੰਘ ਵਿਕੀ ਕੁਮਾਰ ਹਾਜ਼ਰ ਸੀ |