ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਵਿਸ਼ਵ ਦਿਵਿਆਂਗਤਾ ਦਿਵਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਚਲਾਏ ਜਾ ਰਹੇ ਪਰਿਆਸ ਸਕੂਲ ਆਲਮਗੜ੍ਹ, ਅਬੋਹਰ ਦੇ ਸਪੈਸ਼ਲ ਬਚਿਆਂ ਦੀ ਡੀ.ਸੀ. ਦਫ਼ਤਰ ਵਿਖੇ ਵਿਜ਼ਟ ਕਰਵਾਈ ਗਈ | ਬਚਿਆਂ ਨੂੰ ਨਵਾਂ ਅਨੁਭਵ ਤੇ ਮਾਹੌਲ ਪ੍ਰਦਾਨ ਕਰਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਕਦਮੀ ਕੀਤੀ ਗਈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਪੈਸ਼ਲ ਬਚਿਆਂ ਨਾਲ ਕੀਤੀ ਗਈ ਮਿਲਣੀ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਨ੍ਹਾਂ ਬਚਿਆਂ ਅੰਦਰ ਹੁਨਰ ਤੇ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ | ਇਹ ਬੱਚੇ ਕਿਸੇ ਵੀ ਪੱਖੋਂ ਦੂਜੇ ਬਚਿਆਂ ਨਾਲੋਂ ਘੱਟ ਨਹੀਂ ਹਨ, ਕਿਸੇ ਵੀ ਉਚਾਈਆਂ ਨੂੰ ਛੁਹ ਸਕਦੇ ਹਨ | ਇਨ੍ਹਾਂ ਬਚਿਆਂ ਨੂੰ ਦਫ਼ਤਰ ਵਿਜ਼ਟ ਕਰਵਾਉਣ ਦਾ ਮਕਸਦ ਇਕ ਤਾਂ ਇਹ ਦਫ਼ਤਰੀ ਮਾਹੌਲ ਦਾ ਅਹਿਸਾਸ ਕਰ ਸਕਣ, ਦੂਸਰਾ ਇਨ੍ਹਾਂ ਅੰਦਰ ਜੋ ਹੁਨਰ ਤੇ ਪ੍ਰਤਿਭਾ ਹੈ ਉਸ ਨੂੰ ਆਪਣੇ ਜੀਵਨ ਵਿਚ ਨਿਖਾਰ ਕੇ ਭਵਿੱਖ ਵਿਚ ਪਰਵਾਜ਼ ਕਰ ਸਕਣ | ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਕਾਫ਼ੀ ਵਧੀਆ ਲੱਗਿਆ ਤੇ ਇਨ੍ਹਾਂ ਬੱਚਿਆਂ ਦੇ ਵਿਚਾਰਾਂ ਤੋਂ ਵੀ ਉਹ ਕਾਫ਼ੀ ਪ੍ਰਭਾਵਿਤ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਨ੍ਹਾਂ ਸਪੈਸ਼ਲ ਬਚਿਆਂ ਨੂੰ ਵਿਜ਼ਟ ਕਰਵਾਉਣ ਦੇ ਨਾਲ ਇਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਸਪੈਸ਼ਲ ਬਚਿਆਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਇਨ੍ਹਾਂ ਬਚਿਆਂ ਨੂੰ ਵਿਸ਼ੇਸ਼ ਢੰਗ ਨਾਲ ਪੜ੍ਹਾਅ ਰਹੇ ਅਧਿਆਪਕਾਂ ਤੇ ਰਿਸੋਰਸ ਪਰਸਨ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਸੁਪਰਡੰਟ/ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਪ੍ਰਦੀਪ ਗੱਖੜ, ਅਧਿਆਪਕ ਨੀਰਜ ਜੱਗਾ ਤੇ ਸੰਦੀਪ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |