ਬਹਿਰਾਮ, 4 ਦਸੰਬਰ (ਨਛੱਤਰ ਸਿੰਘ ਬਹਿਰਾਮ)-ਦਸੰਬਰ 14 ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਤਿਆਰੀ ਨਾਲ ਜਿੱਤਾਂਗੇ | ਇਹ ਸ਼ਬਦ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇ. ਸੁਖਦੀਪ ਸਿੰਘ ਸ਼ੁਕਾਰ ਨੇ ਹਲਕੇ ਵਿੱਚ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਇਥੇ ਆਖੇ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ ਲੋਕਾਂ ਦਾ ਬਹੁਤ ਉਤਸ਼ਾਹ ਹੈ ਅਤੇ ਲੋਕ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਵੀ ਬਹੁਤ ਕਾਹਲੇ ਹਨ | ਉਨ੍ਹਾਂ ਹੋਰ ਕਿਹਾ ਕਿ ਲੋਕਾਂ ਨੇ ਕਈ ਪਾਰਟੀਆਂ ਦੇਖ ਲਈਆਂ ਹਨ ਜੋ ਮਾਣ-ਸਤਿਕਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਵਰਕਰਾਂ ਦਾ ਹੈ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਹੈ |
ਕਲੇਰ ਅਕੈਡਮੀ ਨੇ ਚੰਡੀਗੜ੍ਹ ਤੋਂ ਤਿੰਨ ਹੋਰ ਤਗਮੇ ਜਿੱਤੇ
ਮੁਕੰਦਪੁਰ, 4 ਦਸੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਸਮੇਤ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਅਥਲੈਟਿਕ ਮੀਟ ਹੋਵੇ ਤਾਂ ਕਲੇਰ ਅਥਲੈਟਿਕਸ ਅਕੈਡਮੀ ਸਰਹਾਲ ਕਾਜ਼ੀਆਂ ਦੇ ਵੈਟਰਨ ਅਥਲੀਟਾਂ ਵੱਲੋਂ ਜਿੱਤਾਂ ਦਾ ਸਿਲਸਿਲਾ ਬਰਕਰਾਰ ਰੱਖਿਆ ਜਾ ਰਿਹਾ ਹੈ | ਬੀਤੇ ਦਿਨੀ ਸੈਕਟਰ 7 ਦੇ ਸਪੋਰਟਸ ਕੰਪਲੈਕਸ ਚੰਡੀਗੜ੍ਹ ਵਿਖੇ 47ਵੀਂ ਸਟੇਟ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਜਿਸ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਮਾਸਟਰ ਅਥਲੀਟਾਂ ਵੱਲੋਂ ਹਿੱਸਾ ਲਿਆ ਗਿਆ ਦੌਰਾਨ ਕਲੇਰ ਅਕੈਡਮੀ ਦੇ ਸੰਚਾਲਕ ਰਬਿੰਦਰ ਸਿੰਘ ਕਲੇਰ ਨੇ 1500 ਮੀਟਰ ਅਤੇ 3000 ਮੀਟਰ ਦੌੜ 'ਚ 2 ਸੋਨੇ ਦੇ ਤਗਮੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ | ਇਸ ਤੋਂ ਇਲਾਵਾ ਅਕੈਡਮੀ ਦੇ ਦੂਸਰੇ ਅਥਲੀਟ ਜਸਬਿੰਦਰ ਸਿੰਘ ਏ.ਐਸ.ਆਈ ਪੰਜਾਬ ਪੁਲਿਸ ਨੇ 1500 ਮੀਟਰ ਦੌੜ ਦੌਰਾਨ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਨਾਲ ਹੀ ਅਕੈਡਮੀ ਦੇ ਇੱਕ ਹੋਰ ਐਥਲੀਟ ਅਮਰੀਕ ਸਿੰਘ ਨੇ ਦੌੜ ਵਿੱਚ ਭਾਗ ਲੈਂਦਿਆਂ ਚੌਥਾ ਸਥਾਨ ਹਾਸਲ ਕੀਤਾ | ਅਕੈਡਮੀ ਦੇ ਸੰਚਾਲਕ ਰਬਿੰਦਰ ਸਿੰਘ ਕਲੇਰ ਨੂੰ ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣ 'ਤੇ ਇਲਾਕੇ ਭਰ ਵਿੱਚੋਂ ਮੁਬਾਰਕਾਂ ਮਿਲ ਰਹੀਆਂ ਹਨ |
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਨ ਨਾਲ ਜਿੱਤਾਂਗੇ -ਸ਼ੁਕਾਰ
ਅਜੀਤ ਡੈਸਕ
05-12-2025