ਹਲਵਾਰਾ, 4 ਦਸੰਬਰ (ਮਨਦੀਪ ਸਿੰਘ ਉੱਭੀ)-ਪੰਜਾਬ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ੁਰੂਆਤ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਇਕ ਮੇਲ 'ਤੇ ਨਿਰਭਰ ਕਰਦੀ ਹੈ | ਜਿਵੇਂ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਮੇਲ ਭਾਰਤੀ ਹਵਾਈ ਅੱਡਾ ਅਥਾਰਟੀ ਤੱਕ ਪਹੁੰਚੇਗੀ, ਹਲਵਾਰਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ | ਕੇਂਦਰ ਅਤੇ ਰਾਜ ਸਰਕਾਰਾਂ ਨੇ ਸਾਂਝੇ ਤੌਰ 'ਤੇ ਹਵਾਈ ਅੱਡੇ ਨੂੰ ਚਲਾਉਣ ਲਈ ਇਕ ਕੰਪਨੀ ਬਣਾਈ ਹੈ | ਲੁਧਿਆਣਾ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਹਵਾਈ ਅੱਡੇ ਦਾ ਸੰਚਾਲਨ ਕਰੇਗੀ | ਸਰਕਾਰ ਨੇ ਹਲਵਾਰਾ ਸਥਿਤ ਇੰਟਰਨੈਸ਼ਨਲ ਏਅਰਪੋਰਟ ਕੰਪਨੀ ਨੂੰ ਸੌਂਪ ਦਿੱਤਾ ਹੈ | ਪੰਜਾਬ ਪੁਲਿਸ ਹਵਾਈ ਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਵੇਗੀ | ਪੰਜਾਬ ਪੁਲਿਸ ਨੇ ਕੰਪਨੀ ਨੂੰ 58 ਕਰਮਚਾਰੀਆਂ ਦੀ ਸੂਚੀ ਸੌਂਪੀ ਹੈ ਜਿਸ ਵਿਚ ਇਕ ਇੰਸਪੈਕਟਰ ਪੱਧਰ ਦਾ ਅਧਿਕਾਰੀ ਵੀ ਸ਼ਾਮਿਲ ਹੈ | ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ ਹਲਵਾਰਾ ਹਵਾਈ ਅੱਡਾ ਹੁਣ ਪੂਰੀ ਤਰ੍ਹਾਂ ਤਿਆਰ ਹੈ | ਸੁਰੱਖਿਆ ਸਟਾਫ਼ ਨੂੰ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ | ਇਸ ਉਦੇਸ਼ ਲਈ ਕਰਮਚਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ | ਹਵਾਈ ਅੱਡੇ ਦੇ ਸੰਚਾਲਨ ਸਬੰਧੀ ਮੇਲ ਆਉਂਦੇ ਹੀ ਹਵਾਈ ਅੱਡਾ ਚਾਲੂ ਹੋ ਜਾਵੇਗਾ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 25 ਨਵੰਬਰ ਨੂੰ ਹਵਾਈ ਅੱਡੇ ਦਾ ਉਦਘਾਟਨ ਕਰਨਾ ਸੀ, ਪਰ ਸੁਰੱਖਿਆ ਸਟਾਫ਼ ਲਈ ਤਕਨੀਕੀ ਸਿਖਲਾਈ ਦੀ ਘਾਟ ਕਾਰਨ ਇਸ ਮਿਤੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ | ਏ.ਏ.ਆਈ. ਨੇ ਕਿਹਾ ਕਿ ਸਟਾਫ਼ ਨੂੰ ਜਲਦੀ ਹੀ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ |