ਸਿੱਧਵਾਂ ਬੇਟ, 4 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਇਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਜਗਰਾਉਂ-ਜਲੰਧਰ ਮਾਰਗ ਬਣੇ ਪੁਲ ਦੀ ਨੱਕ ਹੇਠ ਰੇਤ ਮਾਫੀਏ ਦੇ ਲੋਕਾਂ ਵਲੋਂ ਹਾਕਮ ਧਿਰ ਦੀ ਸ਼ਹਿ 'ਤੇ 'ਜਿਸ ਦਾ ਖੇਤ, ਉਸ ਦੀ ਰੇਤ' ਸਕੀਮ ਤਹਿਤ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਰੁਕਵਾਉਣ ਲਈ ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਸਮੇਤ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਨੇ ਪਹਿਲਾਂ ਮਾਰਗ ਦੇ ਇਕ ਪਾਸੇ ਧਰਨਾ ਲਗਾ ਦਿੱਤਾ ਪਰ ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਾ ਪੁੱਜਾ ਤਾਂ ਉਕਤ ਜਥੇਬੰਦੀਆਂ ਨੇ ਮਾਰਗ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ | ਜਿਸ ਉਪਰੰਤ ਦੋਹੇਂ ਪਾਸੀ ਵਾਹਨਾਂ ਦੀਆਂ ਵੱਡੀਆ-ਵੱਡੀਆ ਲਾਈਨਾਂ ਲੱਗ ਗਈਆਂ | ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮ: ਬਲਜੀਤ ਸਿੰਘ ਗੋਰਸੀਆਂ, ਕਾਮ: ਬਲਰਾਜ ਸਿੰਘ ਕੋਟਉਮਰਾ, ਕਾਮ: ਮੇਜਰ ਸਿੰਘ ਖੁਰਲਾਪੁਰ, ਕਾਮ: ਸੰਦੀਪ ਅਰੋੜਾ ਅਤੇ ਕਾਮ: ਮਹਿੰਦਰ ਸਿੰਘ ਰਾਏਪੁਰ ਰਾਈਆਂ ਨੇ ਆਖਿਆ ਕਿ ਮਾਨ ਸਰਕਾਰ ਦੀ ਸ਼ਹਿ 'ਤੇ ਰੇਤਾ ਮਾਫੀਆ ਦੋਹੀਂ ਹੱਥੀਂ ਰੇਤੇ ਦੇ ਨਾਜਾਇਜ਼ ਕਾਰੋਬਾਰ ਵਿਚ ਲੱਗਾ ਹੋਇਆ ਹੈ ਅਤੇ ਉਸ ਨੂੰ ਸਤਲੁਜ ਦਰਿਆ ਦੇ ਪੁਲ ਦੀ ਵੀ ਚਿੰਤਾ ਨਹੀਂ, ਪਰ ਸਾਰੇ ਪ੍ਰਸ਼ਾਸਨ ਨੇ ਇਕ ਤਰ੍ਹਾਂ ਨਾਲ ਰੇਤ ਮਾਫੀਏ ਅੱਗੇ ਗੋਡੇ ਟੇਕ ਦਿੱਤੇ ਹਨ | ਉਨ੍ਹਾਂ ਆਖਿਆ ਕਿ 'ਜਿਸ ਦਾ ਖੇਤ, ਉਸ ਦੀ ਰੇਤ' ਸਕੀਮ ਤਹਿਤ ਜਿਸ ਥਾਂ ਤੋਂ ਰੇਤਾ ਚੁੱਕਿਆ ਜਾ ਰਿਹਾ ਹੈ, ਇਹ ਜ਼ਮੀਨ ਤਾਂ ਹਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੇ ਨਾਮ ਬੋਲਦੀ ਹੈ ਅਤੇ ਇੱਥੇ ਅੱਜ ਤੱਕ ਕੋਈ ਵੀ ਫ਼ਸਲ ਨਹੀਂ ਬੀਜੀ ਗਈ | ਸੂਚਨਾਂ ਮਿਲਣ 'ਤੇ ਤੁਰੰਤ ਥਾਣਾ ਸਿੱਧਵਾਂ ਬੇਟ ਦੇ ਇੰਚਰਜ ਹੀਰਾ ਸਿੰਘ ਮੌਕੇ 'ਤੇ ਪੁੱਜੇ, ਉਨ੍ਹਾਂ ਨੇ ਪੁਲ ਦੇ ਕੋਲ ਰਾਹ ਬਣਾ ਰਹੇ ਠੇਕੇਦਾਰਾਂ ਨੂੰ ਰੋਕਿਆ | ਜਿੰਨ੍ਹਾਂ ਨੇ ਆਖਿਆ ਕਿ ਸਾਨੂੰ ਡੀ.ਸੀ. ਸਾਹਿਬ ਕੋਲੋਂ ਮਨਜ਼ੂਰੀ ਮਿਲੀ ਹੋਈ ਹੈ, ਪਰ ਉਹ ਇਸ ਜ਼ਮੀਨ ਸੰਬੰਧੀ ਕੋਈ ਵੀ ਨਿਸ਼ਾਨਦੇਹੀ ਆਦਿ ਨਾ ਵਿਖਾ ਸਕੇ | ਇਸ ਮੌਕੇ ਥਾਣਾ ਮੁਖੀ ਨੇ ਮਾਈਨਿੰਗ ਵਿਭਾਗ ਦੀ ਲੰਬਾ ਸਮਾਂ ਉਡੀਕ ਕੀਤੀ, ਪਰ ਉਨ੍ਹਾਂ ਦਾ ਕੋਈ ਵੀ ਵਿਅਕਤੀ ਮੌਕੇ 'ਤੇ ਨਾ ਪੁੱਜਾ, ਜਿਸ ਤੋਂ ਸਾਫ਼ ਪਤਾ ਲੱਗ ਗਿਆ ਕਿ ਮਾਈਨਿੰਗ ਵਿਭਾਗ ਰੇਤ ਮਾਫੀਏ ਦੇ ਅੱਗੇ ਇਕ ਤਰ੍ਹਾਂ ਨਾਲ ਗੋਡੇ ਟੇਕ ਗਿਆ ਹੈ | ਇਸ ਮੌਕੇ ਥਾਣਾ ਮੁਖੀ ਨੇ ਧਰਨੇ ਵਾਲੀ ਥਾਂ 'ਤੇ ਪੁੱਜ ਕੇ ਅਪੀਲ ਕੀਤੀ ਕਿ ਤੁਸੀਂ ਰਸਤਾ ਖੋਲ੍ਹ ਦਿਉ, ਜਿੰਨ੍ਹਾਂ ਚਿਰ ਸਾਨੂੰ ਮਾਈਨਿੰਗ ਵਿਭਾਗ ਅਸਲੀਅਤ ਬਾਰੇ ਨਹੀਂ ਦੱਸਦਾ ਉਨ੍ਹਾਂ ਚਿਰ ਅਸੀਂ ਇਸ ਜਗ੍ਹਾ 'ਤੇ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ | ਪੁਲਿਸ ਦੀ ਅਪੀਲ 'ਤੇ ਜਥੇਬੰਦੀਆਂ ਨੇ ਧਰਨਾ ਚੁੱਕਦੇ ਹੋਏ ਆਖਿਆ ਕਿ ਇਸ ਸੰਬੰਧੀ 5 ਦਸੰਬਰ ਨੂੰ ਸਿੱਧਵਾਂ ਬੇਟ ਨਜ਼ਦੀਕ ਸਿੱਧੂ ਢਾਬੇ 'ਤੇ ਸਵੇਰੇ 11 ਵਜੇ ਮੀਟਿੰਗ ਕੀਤੀ ਜਾਵੇਗੀ, ਜੇਕਰ ਪੁਲ ਕੋਲ ਮਾਈਨਿੰਗ ਜਾਰੀ ਰਹੀ ਤਾਂ 6 ਦਸੰਬਰ ਨੂੰ ਪੱਕੇ ਤੌਰ 'ਤੇ ਜਗਰਾਉਂ-ਜਲੰਧਰ ਮਾਰਗ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ | ਦੂਜੇ ਪਾਸੇ ਪਿੰਡ ਮੱਧੇਪੁਰ ਦੀ ਮਹਿਲਾ ਸਰਪੰਚ ਦੇ ਪਤੀ ਦਰਸ਼ਨ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਪ੍ਰਧਾਨ ਸਰੋਜਾ ਬਾਈ ਨੇ ਆਖਿਆ ਕਿ ਸਾਡੇ ਪਿੰਡ ਦੇ ਮਜ਼ਦੂਰਾਂ ਨੂੰ ਮਸਾਂ ਦਿਹਾੜੀ ਮਿਲੀ ਹੈ, ਪਰ ਧਰਨਾਕਾਰੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ | ਉਨ੍ਹਾਂ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਲਗਾਇਆ ਧਰਨਾ ਨਾ ਚੁੱਕਿਆ ਤਾਂ ਅਸੀਂ ਟੱਕ ਚਲਾਉਣ ਲਈ ਬਰਾਬਰ ਧਰਨਾ ਠੋਕ ਦੇਵਾਂਗੇ |