ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਦਿਹਾਤੀ ਪੁਲਿਸ ਨੇ ਪਿੰਡ ਅਖਾੜਾ ਦੇ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ | ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ, ਥਾਣਾ ਸਦਰ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਪਿੰਡ ਅਖਾੜਾ ਦੇ ਕਰਮਜੀਤ ਸਿੰਘ ਕਰਮੂ ਦੀ ਪ੍ਰਾਪਰਟੀ ਅਟੈਚ ਕਰਕੇ ਕਰਮਜੀਤ ਸਿੰਘ ਕਰਮੂ ਦੇ ਦੋ ਘਰਾਂ ਅੱਗੇ ਨੋਟਿਸ ਲਾ ਦਿੱਤੇ ਹਨ | ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪਿੰਡ ਅਖਾੜਾ ਦੇ ਕਰਮਜੀਤ ਸਿੰਘ, ਜਿਸ 'ਤੇ ਐੱਨ.ਡੀ.ਪੀ.ਐੱਸ. ਦੇ ਪਰਚੇ ਦਰਜ ਹਨ, ਦੇ ਘਰਾਂ ਨੂੰ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਦੇ ਦੋ ਘਰਾਂ ਦੀ ਕੀਮਤ 68 ਲੱਖ ਰੁਪਏ ਬਣਦੀ ਹੈ, ਨੂੰ ਅਦਾਲਤੀ ਹੁਕਮਾਂ ਅਨੁਸਾਰ ਅਟੈਚ ਕੀਤਾ ਗਿਆ | ਡੀ.ਐੱਸ.ਪੀ. ਢੀਂਡਸਾ ਨੇ ਦੱਸਿਆ ਕਿ ਕਰਮਜੀਤ ਸਿੰਘ ਕਰਮੂ ਨੇ ਇਹ ਪ੍ਰਾਪਰਟੀ ਨਸ਼ਾ ਵੇਚਕੇ ਬਣਾਈ ਹੈ | ਉਨ੍ਹਾਂ ਕਿਹਾ ਕਿ ਕਰਮਜੀਤ ਕਰਮੂ ਖਿਲਾਫ਼ 13 ਮੁਕੱਦਮੇ ਦਰਜ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਾਪਰਟੀ ਨੂੰ ਐੱਨ.ਡੀ.ਪੀ.ਐੱਸ ਦੇ ਮਾਮਲਿਆਂ ਆਧਾਰਿਤ ਅਟੈਚ ਕੀਤਾ ਗਿਆ ਹੈ | ਥਾਣਾ ਸਦਰ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ |