ਭੰਗਾਲਾ, 4 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਭੰਗਾਲਾ ਵਿਖੇ ਪ੍ਰਧਾਨ ਰੌਸ਼ਨ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਰੌਸ਼ਨ ਖ਼ਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੀ ਪੂਰੇ ਸੰਸਾਰ ਪੱਧਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ 350 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਲਗਾਏ ਗਏ ਫਲੈਕਸ ਬੋਰਡਾਂ ਨੂੰ ਪ੍ਰਸ਼ਾਸਨ ਵਲੋਂ ਆਪਣੇ ਕਬਜ਼ੇ ਵਿਚ ਨਹੀਂ ਲਿਆ ਗਿਆ ਜਿਸ ਨਾਲ ਇਸ਼ਤਿਹਾਰੀ ਬੋਰਡਾਂ 'ਤੇ ਗੁਰੂ ਮਹਾਰਾਜ ਦੀ ਫ਼ੋਟੋ ਦੀ ਬੇਕਦਰੀ ਹੋ ਰਹੀ ਹੈ ਜਿਸ ਨਾਲ ਸਿੱਖ ਸੰਗਤ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਸਮਾਗਮਾਂ ਸਬੰਧੀ ਲੱਗੇ ਗੁਰੂ ਮਹਾਰਾਜ ਜੀ ਦੀ ਫ਼ੋਟੋ ਵਾਲੇ ਸਾਰੇ ਇਸ਼ਤਿਹਾਰੀ ਬੋਰਡਾਂ ਨੂੰ ਆਪਣੇ ਕਬਜ਼ੇ ਵਿਚ ਲੈ ਲੈਣਾ ਚਾਹੀਦਾ ਹੈ ਤਾਂ ਜੋ ਬੋਰਡਾਂ ਉੱਤੇ ਲੱਗੀ ਗੁਰੂ ਮਹਾਰਾਜ ਦੀ ਫ਼ੋਟੋ ਦਾ ਕੋਈ ਅਪਮਾਨ ਨਾ ਹੋ ਸਕੇ | ਉਨ੍ਹਾਂ ਕਿਹਾ ਉਹ ਸਰਕਾਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੀ ਪੁਰਜ਼ੋਰ ਪ੍ਰਸੰਸਾ ਕਰਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਨ ਕਿ ਉਹ ਸਮਾਗਮਾਂ ਸਬੰਧੀ ਥਾਂ-ਥਾਂ ਲੱਗੇ ਫਲੈਕਸ ਬੋਰਡਾਂ ਨੂੰ ਉਤਾਰ ਕੇ ਆਪਣੀ ਕਬਜ਼ੇ ਵਿਚ ਲੈ ਲਵੇ | ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਹਰਵੰਤ ਸਿੰਘ ਸੋਨੂੰ, ਜਗਦੀਪ ਸਿੰਘ, ਜਗਤ ਰਾਮ, ਵੀਰ ਸਿੰਘ ਤੇ ਹੋਰ ਹਾਜ਼ਰ ਸਨ |