ਐਨ.ਡੀ.ਏ. ਦੀ ਬੈਠਕ 'ਚ ਬੰਗਾਲ ਚੋਣਾਂ ਦੀ ਤਿਆਰੀ ਦਾ ਦਿੱਤਾ ਮੰਤਰ
ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਭਵਨ ਵਿਖੇ ਹੋਈ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੇ ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ | ਉਨ੍ਹਾਂ ਕਿਹਾ ਕਿ ਕੋਈ ਕਾਨੂੰਨ ਕਿਸੇ ਵੀ ਨਾਗਰਿਕ 'ਤੇ ਬੋਝ ਨਹੀਂ ਹੋਣਾ ਚਾਹੀਦਾ ਅਤੇ ਨਿਯਮ ਤੇ ਕਾਨੂੰਨ ਹਮੇਸ਼ਾ ਲੋਕਾਂ ਦੀ ਸਹੂਲਤ ਲਈ ਹੋਣੇ ਚਾਹੀਦੇ ਹਨ | ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਹੁਣ ਇਕ ਪੂਰਨ ਸੁਧਾਰ ਐਕਸਪ੍ਰੈੱਸ ਪੜਾਅ 'ਚ ਹੈ, ਜਿਥੇ ਸੁਧਾਰ ਤੇਜ਼ੀ ਨਾਲ ਅਤੇ ਸਪੱਸ਼ਟ ਇਰਾਦੇ ਨਾਲ ਹੋ ਰਹੇ ਹਨ | ਬੈਠਕ ਦੌਰਾਨ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਹੋਰ ਗੱਠਜੋੜ ਭਾਈਵਾਲ ਇਕ-ਦੂਜੇ ਦੀ ਪਿੱਠ ਥਾਪੜਦੇ ਨਜ਼ਰ ਆਏ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤਿਸ਼ ਕੁਮਾਰ ਨੂੰ ਬਿਹਾਰ ਦੀ ਜਿੱਤ ਦਾ ਸੂਤਰਾਧਾਰ ਕਰਾਰ ਦਿੱਤਾ, ਜਦਕਿ ਬਾਕੀ ਗੱਠਜੋੜ ਭਾਈਵਾਲਾਂ ਨੇ ਹਾਰ ਪਾ ਕੇ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ | ਪ੍ਰਧਾਨ ਮੰਤਰੀ ਨੇ ਆਉਣ ਵਾਲੀ ਸਿਆਸੀ ਰਣਨੀਤੀ ਨੂੰ ਲੈ ਕੇ ਅਹਿਮ ਸੰਦੇਸ਼ ਦਿੰਦਿਆਂ ਕਿਹਾ ਕਿ ਹੁਣ ਬਿਹਾਰ ਤੋਂ ਬਾਅਦ ਬੰਗਾਲ ਦੀ ਵਾਰੀ ਹੈ | ਬੈਠਕ 'ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਰਹੇ | ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਜਨਤਾ ਦਲ (ਯੂ) ਦੇ ਨੇਤਾ ਸੰਜੇ ਝਾਅ ਅਤੇ ਰਾਸ਼ਟਰੀ ਲੋਕ ਮੋਰਚਾ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ | ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਸੰਸਦੀ ਹਲਕਿਆਂ ਦੇ ਪ੍ਰੋਗਰਾਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਬਜਟ ਸੰਬੰਧੀ ਫੀਡਬੈਕ ਦੇਣ ਨੂੰ ਕਿਹਾ | ਮੋਦੀ ਨੇ ਕੁਝ ਪ੍ਰੋਗਰਾਮਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ, ਜਿਨ੍ਹਾਂ 'ਚ 25 ਦਸੰਬਰ ਨੂੰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ 26 ਦਸੰਬਰ ਨੂੰ ਵੀਰ ਬਾਲ ਦਿਵਸ 'ਤੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਨ ਨੂੰ ਕਿਹਾ | ਉਨ੍ਹਾਂ ਕਿਹਾ ਕਿ ਜਨਤਾ ਦੇ ਤਕਰੀਬਨ 78 ਹਜ਼ਾਰ ਕਰੋੜ ਰੁਪਏ ਬੈਂਕਾਂ 'ਚ ਫਸੇ ਹੋਏ ਹਨ, ਉਨ੍ਹਾਂ ਨੂੰ ਵਾਪਸ ਕਰਵਾਉਣ 'ਚ ਸਰਗਰਮ ਭੂਮਿਕਾ ਨਿਭਾਉਣ 'ਤੇ ਜ਼ੋਰ ਦਿੱਤਾ |
ਹੁਣ ਬੰਗਾਲ ਦੀ ਵਾਰੀ
ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੀ ਜਿੱਤ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਬੰਗਾਲ 'ਤੇ ਧਿਆਨ ਕੇਂਦਰਤਿ ਕਰਨ ਨੂੰ ਕਿਹਾ | ਉਨ੍ਹਾਂ ਕਿਹਾ ਕਿ ਹੁਣ ਬਿਹਾਰ ਤੋਂ ਬਾਅਦ ਬੰਗਾਲ ਦੀ ਵਾਰੀ ਹੈ | ਉਨ੍ਹਾਂ ਕਿਹਾ ਕਿ ਗੰਗਾ ਬਿਹਾਰ ਤੋਂ ਬੰਗਾਲ ਜਾਂਦੀ ਹੈ, ਇਸ ਲਈ ਬੰਗਾਲ 'ਚ ਵੀ ਜਿੱਤ ਦਾ ਝੰਡਾ ਲਹਿਰਾਉਣਾ ਹੈ |
ਕੋਈ ਵੀ ਕਾਨੂੰਨ ਨਾਗਰਿਕਾਂ 'ਤੇ ਬੋਝ ਨਹੀਂ ਹੋਣਾ ਚਾਹੀਦਾ-ਪ੍ਰਧਾਨ ਮੰਤਰੀ
ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰਦੇ ਹੋਏ ਐਨ.ਡੀ.ਏ. ਦੇ ਆਗੂ, ਨਾਲ ਅਮਿਤ ਸ਼ਾਹ, ਰਾਜਨਾਥ ਸਿੰਘ, ਜੇ.ਪੀ. ਨੱਢਾ, ਰਵਨੀਤ ਸਿੰਘ ਬਿੱਟੂ ਤੇ ਹੋਰ | <br/>
10-12-2025