ਅੰਮਿ੍ਤਸਰ, 8 ਦਸੰਬਰ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ ਅੱਜ ਇਥੇ ਹੋਈ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਦੌਰਾਨ ਅਹਿਮ ਫ਼ੈਸਲੇ ਸੁਣਾਏ ਗਏ | ਇਕੱਤਰਤਾ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਿਲ ਹੋਏ | ਇਕੱਤਰਤਾ ਉਪਰੰਤ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰਦਿਆਂ ਜਥੇਦਾਰ ਗੜਗੱਜ ਨੇ ਅਕਾਲੀ ਆਗੂ ਪ੍ਰੋ: ਵਿਰਸਾ ਸਿੰਘ ਵਲਟੋਹਾ ਵਲੋਂ ਪਿਛਲੇ ਸਮੇਂ ਵਿਚ ਸਿੰਘ ਸਾਹਿਬਾਨ ਵਿਰੁੱਧ ਬਿਆਨਬਾਜ਼ੀ ਅਤੇ ਰਿਕਾਰਡਿੰਗ ਕਰਨ ਦੇ ਮਾਮਲੇ 'ਚ ਖਿਮਾ ਯਾਚਨਾ ਕਰਨ 'ਤੇ ਉਸ ਵਿਰੁੱਧ ਤਤਕਾਲੀ ਸਿੰਘ ਸਾਹਿਬਾਨ ਵਲੋਂ 15-10-2024 ਨੂੰ ਅਕਾਲੀ ਦਲ ਵਿਚੋਂ ਦਸ ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਵਿਰੁੱਧ ਬਿਆਨਬਾਜ਼ੀ ਨਾ ਕਰਨ ਤੇ ਬੋਲਚਾਲ ਵਿਚ ਸੰਜਮ ਅਤੇ ਇਤਫਾਕ ਰੱਖਣ ਦੀ ਹਦਾਇਤ ਕੀਤੀ | ਉਨ੍ਹਾਂ ਵਲਟੋਹਾ ਨੂੰ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਇਕ ਘੰਟਾ ਜੂਠੇ ਭਾਂਡੇ ਮਾਂਜਣ, ਇਕ ਘੰਟਾ ਜੋੜੇ ਝਾੜਣ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਇਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਇਕ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਹਾਲ ਤੇ ਜੋੜਾ ਘਰ ਵਿਖੇ ਇਕ-ਇਕ ਘੰਟਾ ਜੂਠੇ ਭਾਂਡੇ ਮਾਂਜਣ ਤੇ ਜੋੜੇ ਝਾੜਣ ਅਤੇ ਗਿਆਰਾਂ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਇਕ ਪਾਠ ਕਰਨ ਅਤੇ ਲੱਗੀ ਤਨਖ਼ਾਹ ਪੂਰੀ ਹੋਣ 'ਤੇ ਕੜਾਹ ਪ੍ਰਸ਼ਾਦਿ ਦੇਗ ਕਰਵਾ ਕੇ ਅਰਦਾਸ ਕਰਵਾਉਣ ਦੀ ਹਦਾਇਤ ਕੀਤੀ |
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਨਖ਼ਾਹ
ਇਕ ਹੋਰ ਅਹਿਮ ਫ਼ੈਸਲੇ 'ਚ ਸਿੰਘ ਸਾਹਿਬਾਨ ਨੇ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿਚ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੀ ਭੁੱਲ ਸਵੀਕਾਰ ਕਰਨ 'ਤੇ ਲਗਾਈ ਤਨਖ਼ਾਹ ਵਿਚ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਘੰਟਾ ਜੂਠੇ ਭਾਂਡੇ ਮਾਂਜਣ, ਦੋ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਕੋਈ ਇਕ ਪਾਠ ਕਰਨ ਉਪਰੰਤ ਲੱਗੀ ਤਨਖ਼ਾਹ ਪੂਰੀ ਹੋਣ 'ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ |
ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਮਾਮਲਾ
ਸਿੰਘ ਸਾਹਿਬਾਨ ਵਲੋਂ ਗੁਰੂ ਨਾਨਕ ਦੇਵ 'ਵਰਸਿਟੀ ਦੇ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ 'ਤੇ ਦੱਖਣ ਭਾਰਤ 'ਚ ਹੋਏ ਇਕ ਸਮਾਗਮ ਦੌਰਾਨ ਆਰ.ਐਸ.ਐਸ. ਮੁਖੀ ਦੀ ਮੌਜੂਦਗੀ ਵਿਚ 'ਵਰਸਿਟੀ ਵਿਚ ਗੁਰੂ ਨਾਨਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕਰਨ ਦੇ ਦੋਸ਼ ਤਹਿਤ, ਆਪਣੀ ਭੁੱਲ ਸਵੀਕਾਰ ਕਰਕੇ ਮੁਆਫੀ ਮੰਗਣ 'ਤੇ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ-ਇਕ ਘੰਟਾ ਜੂਠੇ ਭਾਂਡੇ ਮਾਂਜਣ ਅਤੇ ਜੋੜੇ ਝਾੜਣ, ਪੰਜ ਦਿਨ ਨਿਤਨੇਮ ਤੋਂ ਇਲਾਵਾ ਇਕ ਪਾਠ ਕਰਨ, 'ਹਮ ਹਿੰਦੂ ਨਹੀਂ' ਭਾਈ ਕਾਨ੍ਹ ਸਿੰਘ ਨਾਭਾ ਦੀ ਪੁਸਤਕ ਪੜ੍ਹਨ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿਚ ਵੰਡਣ ਉਪਰੰਤ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ |
ਜਸਵੰਤ ਸਿੰੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਤਨਖਾਹ
ਪਿਛਲੇ ਦਿਨੀਂ ਸ੍ਰੀਨਗਰ ਸਥਿਤ ਟੈਗੋਰ ਹਾਲ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਨਾਚ ਗਾਣੇ ਦੀਆਂ ਪੇਸ਼ਕਾਰੀਆਂ ਕੀਤੇ ਜਾਣ 'ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਵਲੋਂ ਆਪਣੀ ਭੁੱਲ ਸਵੀਕਾਰ ਕਰਨ 'ਤੇ ਉਨ੍ਹਾਂ ਨੂੰ ਲਗਾਈ ਤਨਖਾਹ ਤਹਿਤ ਦੋ ਦਿਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਾ. ਨੌਵੀਂ, ਪਟਿਆਲਾ ਵਿਖੇ ਇਕ-ਇਕ ਘੰਟਾ ਭਾਂਡੇ ਮਾਂਜਣ ਅਤੇ ਜੋੜੇ ਸਾਫ ਕਰਨ, ਚਾਰ ਦਿਨ ਨਿਤਨੇਮ ਤੋਂ ਇਲਾਵਾ ਇਕ ਪਾਠ ਕਰਨ, ਪਿ੍ੰ. ਸਤਬੀਰ ਸਿੰਘ ਦੀ ਪੁਸਤਕ 'ਇਤਿ ਜਿਨਿ ਕਰੀ ਜੀਵਨ ਸ੍ਰੀ ਗੁਰੂ ਤੇਗ ਬਹਾਦਰ ਜੀ' ਪੜ੍ਹਨ ਦੇ ਨਾਲ ਇਸ ਦੀਆਂ 100 ਕਾਪੀਆਂ ਸੰਗਤ ਵਿਚ ਵੰਡਣ ਉਪਰੰਤ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦੀ ਹਦਾਇਤ ਕੀਤੀ | ਇਸ ਮਾਮਲੇ 'ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਹਿਲਾਂ ਹੀ ਤਨਖ਼ਾਹ ਲੱਗ ਚੁੱਕੀ ਹੈ ਤੇ ਜਥੇਦਾਰ ਗੜਗੱਜ ਅਨੁਸਾਰ ਗਾਇਕ ਬੀਰ ਸਿੰਘ, ਜੋ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ, ਦੇ ਮਾਮਲੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ |
ਪ੍ਰਚਾਰਕ ਹਰਿੰਦਰ ਸਿੰਘ ਯੂ. ਕੇ. ਮਾਮਲਾ
ਸਿੰਘ ਸਾਹਿਬਾਨ ਨੇ ਨਿਰਵੈਰ ਖ਼ਾਲਸਾ ਜਥਾ, ਯੂ.ਕੇ. ਪ੍ਰਚਾਰਕ ਹਰਿੰਦਰ ਸਿੰਘ ਵਲੋਂ ਬੀਤੇ ਸਮੇਂ ਅੰਦਰ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਖਿਮਾ ਯਾਚਨਾ ਕਰਨ 'ਤੇ ਇਨ੍ਹਾਂ ਦੇ ਪੱਖ ਨੂੰ ਪ੍ਰਵਾਨ ਕਰਦਿਆਂ ਇਨ੍ਹਾਂ ਦੇ ਪ੍ਰਚਾਰ ਕਰਨ 'ਤੇ ਲੱਗੀ ਰੋਕ ਹਟਾ ਕੇ ਉਨ੍ਹਾਂ ਨੂੰ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਬਰਤਨ ਅਤੇ ਜੋੜੇ ਝਾੜਣ, ਦੋ ਦਿਨ ਨਿਤਨੇਮ ਤੋਂ ਇਲਾਵਾ ਇਕ ਪਾਠ ਕਰਨ ਅਤੇ ਲੱਗੀ ਤਨਖ਼ਾਹ ਪੂਰੀ ਹੋਣ 'ਤੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ |
ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀ ਤਰੀਕ 'ਚ ਨਹੀਂ ਹੋਈ ਤਬਦੀਲੀ
ਛੋਟੇ ਸਾਹਿਬਾਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕੋ ਦਿਨ, ਭਾਵ 27 ਦਸੰਬਰ ਨੂੰ ਆਉਣ ਅਤੇ ਇਸ ਸੰਬੰਧੀ ਸੰਗਤਾਂ ਵਿਚ ਦੁਚਿੱਤੀ ਪਾਏ ਜਾਣ ਦੇ ਸੰਬੰਧ ਵਿਚ ਇਕੱਤਰਤਾ ਦੌਰਾਨ ਵਿਚਾਰ ਕਰਦਿਆਂ ਸਿੰਘ ਸਾਹਿਬਾਨ ਵਲੋਂ ਪ੍ਰਕਾਸ਼ ਪੁਰਬ ਦੀ ਤਰੀਕ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ | ਸਕੱਤਰੇਤ ਵਿਖੇ ਜਥੇਦਾਰ ਗੜਗੱਜ ਨੇ ਕਿਹਾ ਕਿ ਸੰਗਤ ਵਲੋਂ ਆਪਣੀ ਸਹੂਲਤ ਮੁਤਾਬਕ ਛੁੱਟੀ ਦੇਖ ਕੇ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਸਕਦੇ ਹਨ | ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਿਰੁੱਧ ਪੁੱਜੀਆਂ ਸ਼ਿਕਾਇਤਾਂ 'ਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਅਗਾਂਹ ਤੋਂ ਉਹ ਕੀਰਤਨ ਕਰਨ ਸਮੇਂ ਕੇਵਲ ਨਿਰਧਾਰਿਤ ਰਾਗ ਆਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗਾਇਨ ਕਰਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ 328 ਪਾਵਨ ਸਰੂਪ ਮਾਮਲੇ 'ਚ ਸਰਕਾਰ ਵਲੋਂ ਦਰਜ ਕੀਤੀ ਐੱਫ.ਆਈ.ਆਰ. ਨੂੰ ਸਿੱਖਾਂ ਦੇ ਧਾਰਿਮਕ ਮਾਮਲਿਆਂ 'ਚ ਦਖ਼ਲ ਅਤੇ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ |
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਅਹਿਮ ਫ਼ੈਸਲੇ <br/>
ਅਜੀਤ ਡੈਸਕ
09-12-2025