ਨਵੀਂ ਦਿੱਲੀ, 8 ਦਸੰਬਰ (ਉਪਮਾ ਡਾਗਾ ਪਾਰਥ)-ਭਾਰਤ ਦੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਮੌਕੇ ਲੋਕ ਸਭਾ 'ਚ ਹੋਈ ਚਰਚਾ 'ਚ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਰਾਸ਼ਟਰੀ ਗੀਤ ਦੇ ਦੋ ਹਿੱਸਿਆਂ 'ਚ ਵੰਡੇ ਜਾਣ ਅਤੇ ਉਸ ਦੇ ਆਖ਼ਰੀ ਪੈਰਿਆਂ ਨੂੰ ਹਟਾਉਣ ਨੂੰ ਲੈ ਕੇ ਤਿੱਖੀ ਸ਼ਬਦੀ ਜੰਗ ਹੋਈ | ਸੱਤਾ ਧਿਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਚਰਚਾ ਦੀ ਸ਼ੁਰੂਆਤ ਕਰਦਿਆਂ 'ਵੰਦੇ ਮਾਤਰਮ' ਨੂੰ ਦੁਨੀਆ ਦੇ ਕਿਸੇ ਵੀ ਦੇਸ਼ 'ਚ ਲਿਖਿਆ ਸਭ ਤੋਂ ਵੱਧ ਭਾਵਨਾ ਨਾਲ ਲਬਰੇਜ਼ ਰਾਸ਼ਟਰੀ ਗੀਤ ਕਰਾਰ ਦਿੱਤਾ | ਉਨ੍ਹਾਂ ਨੇ ਭਾਸ਼ਨ ਦੀ ਸ਼ੁਰੂਆਤ 'ਚ ਹੀ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ 'ਵੰਦੇ ਮਾਤਰਮ' ਦੀ ਯਾਤਰਾ ਕਈ ਪੜਾਵਾਂ ਤੋਂ ਹੋ ਕੇ ਲੰਘੀ ਹੈ | ਉਨ੍ਹਾਂ ਕਿਹਾ ਕਿ ਜਦੋਂ 'ਵੰਦੇ ਮਾਤਰਮ' ਦੇ 50 ਸਾਲ ਹੋਏ ਸੀ, ਉਸ ਵੇਲੇ ਦੇਸ਼ ਅਜੇ ਗੁਲਾਮੀ ਦੀਆਂ ਜ਼ੰਜੀਰਾਂ 'ਚ ਸੀ | ਪਰ ਜਦੋਂ (ਗੀਤ ਦੇ) 100 ਸਾਲ ਹੋਏ ਤਾਂ ਦੇਸ਼ ਐਮਰਜੈਂਸੀ ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਸੀ | ਨਾਲ ਹੀ ਮੌਜੂਦਾ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਹੁਣ 150 ਸਾਲ ਉਸ ਗੌਰਵ ਨੂੰ ਮੁੜ ਸਥਾਪਿਤ ਕਰਨ ਦਾ ਮੌਕਾ ਹੈ | ਪ੍ਰਧਾਨ ਮੰਤਰੀ ਨੇ ਆਪਣੇ ਤਕਰੀਬਨ 1 ਘੰਟੇ ਦੇ ਭਾਸ਼ਨ ਦੇ ਲਗਭਗ ਦੋ ਤਿਹਾਈ ਹਿੱਸੇ 'ਚ 'ਵੰਦੇ ਮਾਤਰਮ' ਦੇ ਪਿਛੋਕੜ ਅਤੇ ਉਸ ਦੇ ਮਕਬੂਲ ਹੋਣ ਦੇ ਸਫ਼ਰ ਦਾ ਗੁਣਗਾਨ ਕੀਤਾ | ਉਨ੍ਹਾਂ ਕਿਹਾ ਕਿ 1875 ਨੂੰ ਬੰਕਿਮ ਚੰਦਰ ਚਟੋਪਾਧਿਆਏ ਨੇ ਇਹ ਗੀਤ ਅਜਿਹੇ ਸਮੇਂ 'ਚ ਲਿਖਿਆ ਜਦੋਂ 1857 ਦੀ ਪਹਿਲੀ ਸੁਤੰਤਰਤਾ ਕ੍ਰਾਂਤੀ ਦੇ ਕਾਰਨ ਅੰਗਰੇਜ਼ੀ ਸਲਤਨਤ 'ਚ ਘਬਰਾਹਟ ਸੀ | ਉਨ੍ਹਾਂ ਕਿਹਾ ਕਿ ਉਸ ਵੇਲੇ ਇਸ ਗੀਤ ਨੇ ਹੀ ਆਜ਼ਾਦੀ ਦਾ ਜਜ਼ਬਾ ਪੈਦਾ ਕੀਤਾ ਅਤੇ ਹੀਣ ਭਾਵਨਾ ਤੋਂ ਗ੍ਰਸਤ ਲੋਕਾਂ ਦੇ ਮਨ 'ਚ ਰਾਸ਼ਟਰੀ ਭਗਤੀ ਪੈਦਾ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਲੋਕ ਸਭਾ 'ਚ 'ਵੰਦੇ ਮਾਤਰਮ' 'ਤੇ ਚਰਚਾ ਦੀ ਸ਼ੁਰੂਆਤ ਕਰਨ ਪਹੁੰਚੇ ਤਾਂ ਸਦਨ 'ਚ ਮੌਜੂਦਾ ਭਾਜਪਾ ਦੇ ਸੰਸਦ ਮੈਂਬਰਾਂ ਨੇ 'ਵੰਦੇ ਮਾਤਰਮ' ਦੇ ਜ਼ੋਰ-ਜ਼ੋਰ ਨਾਲ ਨਾਅਰੇ ਲਾਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਕ ਘੰਟੇ ਦੇ ਭਾਸ਼ਨ 'ਚ 13 ਵਾਰ ਕਾਂਗਰਸ ਅਤੇ 7 ਵਾਰ ਪੰਡਿਤ ਨਹਿਰੂ ਦਾ ਜ਼ਿਕਰ ਕੀਤਾ | ਉਨ੍ਹਾਂ ਮੁਸਲਿਮ ਲੀਗ ਅਤੇ ਜਿਨਾਹ ਨੂੰ ਵੀ ਆਪਣੇ ਭਾਸ਼ਨ 'ਚ ਭਰਵੀਂ ਥਾਂ ਦਿੰਦਿਆਂ 5 ਵਾਰ ਮੁਸਲਿਮ ਲੀਗ ਅਤੇ 3 ਵਾਰ ਜਿਨਾਹ ਦਾ ਜ਼ਿਕਰ ਕੀਤਾ |
ਜਿਨਾਹ ਦੇ ਅੱਗੇ ਝੁਕੇ ਨਹਿਰੂ-ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਵੰਦੇ ਮਾਤਰਮ' ਨਾਲ ਪੰਡਿਤ ਨਹਿਰੂ ਨੇ ਵੱਡਾ ਅਨਿਆਂ ਕੀਤਾ ਅਤੇ ਮੁਸਲਿਮ ਲੀਗ ਦੇ ਮੁਹੰਮਦ ਅਲੀ ਜਿਨਾਹ ਦੀ ਬੇਮਾਨੀ ਮੰਗ ਅੱਗੇ ਝੁਕਦਿਆਂ ਗੀਤ ਦੇ ਦੋ ਟੁਕੜੇ ਕਰ ਦਿੱਤੇ |
ਤੁਸੀਂ ਹਰ ਵਾਰ ਆਪਣੇ ਭਾਸ਼ਨ 'ਚ ਪੰਡਿਤ ਨਹਿਰੂ ਦਾ ਨਾਂਅ ਲੈਂਦੇ ਹੋ-ਗੋਗੋਈ
ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਪ੍ਰਧਾਨ ਮੰਤਰੀ ਦੇ ਭਾਸ਼ਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅੱਜ ਦੇ ਭਾਸ਼ਨ ਤੋਂ ਸਿਰਫ ਦੋ ਗੱਲਾਂ ਸਮਝ 'ਚ ਆਈਆਂ | ਪਹਿਲਾ ਅਜਿਹਾ ਲੱਗਾ ਕਿ ਜਿਵੇਂ ਉਨ੍ਹਾਂ ਦੇ ਸਿਆਸੀ ਪੁਰਖੇ (ਆਰ.ਐਸ.ਐਸ.) ਹੀ ਅੰਗਰੇਜ਼ਾਂ ਨਾਲ ਲੜ ਰਹੇ ਸੀ | ਦੂਜਾ ਪੂਰੇ 'ਵੰਦੇ ਮਾਤਰਮ' ਨੂੰ ਸਿਆਸੀ ਰੂਪ ਨਾਲ ਵਿਵਾਦਿਤ ਕਰਨਾ ਚਾਹੁੰਦੇ ਹੋਣ | ਗੋਗੋਈ ਨੇ ਤਨਜ਼ ਕਰਦਿਆਂ ਕਿਹਾ ਕਿ ਤੁਸੀਂ ਹਰ ਵਾਰ ਆਪਣੇ ਭਾਸ਼ਨ 'ਚ ਪੰਡਿਤ ਨਹਿਰੂ ਦਾ ਨਾਂਅ ਲੈਂਦੇ ਹੋ | ਗੋਗੋਈ ਨੇ ਸਿਲਸਿਲੇਵਾਰ ਢੰਗ ਨਾਲ ਪ੍ਰਧਾਨ ਮੰਤਰੀ ਦੇ ਭਾਸ਼ਨਾਂ ਅਤੇ ਉਨ੍ਹਾਂ 'ਚ ਕਾਂਗਰਸ ਅਤੇ ਪੰਡਿਤ ਨਹਿਰੂ ਦੇ ਜ਼ਿਕਰ 'ਤੇ ਬੋਲਦਿਆਂ ਕਿਹਾ ਕਿ ਆਪਰੇਸ਼ਨ ਸੰਧੂਰ 'ਤੇ ਚਰਚਾ ਵੇਲੇ 14 ਵਾਰ ਪੰਡਿਤ ਨਹਿਰੂ ਅਤੇ 50 ਵਾਰ ਕਾਂਗਰਸ ਦਾ ਨਾਂਅ ਲਿਆ | ਇਸ ਤਰ੍ਹਾਂ ਦੀਆਂ ਹੋਰ ਮਿਸਾਲਾਂ ਦਿੰਦਿਆਂ ਗੋਗੋਈ ਨੇ ਕਿਹਾ ਕਿ ਤੁਹਾਡੀ ਪੂਰੀ ਪਾਰਟੀ, ਪੂਰਾ ਢਾਂਚਾ ਮਿਲ ਕੇ ਜੇਕਰ ਪੰਡਿਤ ਨਹਿਰੂ ਦੇ ਯੋਗਦਾਨ 'ਤੇ ਦਾਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਉਸ 'ਚ ਕਾਮਯਾਬ ਨਹੀਂ ਹੋਵੋਗੇ |
ਵੰਦੇ ਮਾਤਰਮ ਫਿਰਕੂ ਸਿਆਸਤ ਨੂੰ ਅਸਵੀਕਾਰ ਕਰਨ ਵਾਲਾ ਗੀਤ-ਅਖਿਲੇਸ਼ ਯਾਦਵ
ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਤਨਜ਼ ਕਰਦਿਆਂ ਕਿਹਾ ਕਿ ਉਨ੍ਹਾਂ (ਭਾਜਪਾ) ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਵੱਖਰਾ ਰਾਸ਼ਟਰੀ ਗੀਤ ਕਿਉਂ ਲਿਖਿਆ ਅਤੇ ਤਿਰੰਗਾ ਕਿਉਂ ਨਹੀਂ ਅਪਣਾਇਆ | ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੇ ਪਿੱਛੇ ਦੀ ਭਾਵਨਾ ਫਿਰਕੂ ਸਿਆਸਤ ਨੂੰ ਅਸਵੀਕਾਰ ਕਰਨ ਦੀ ਸੀ |
ਇਸ ਮੁੱਦੇ 'ਤੇ ਬਹਿਸ ਦੀ ਕੀ ਲੋੜ-ਪਿ੍ਅੰਕਾ ਗਾਂਧੀ
ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਦੋ ਦਿਲਾਂ ਵਸ ਚੁੱਕੇ ਇਸ ਮੁੱਦੇ 'ਤੇ ਬਹਿਸ ਦੀ ਕੀ ਲੋੜ ਹੈ? ਫਿਰ ਆਪ ਹੀ ਜਵਾਬ ਦਿੰਦਿਆਂ ਕਿਹਾ ਕਿ ਇਸ ਦੇ ਦੋ ਵੱਡੇ ਕਾਰਨ ਹਨ | ਪਹਿਲਾ-ਬੰਗਾਲ ਦੀ ਚੋਣ (ਜਿਸ 'ਚ ਪ੍ਰਧਾਨ ਮੰਤਰੀ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ), ਦੂਜਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ 'ਤੇ ਨਵੇਂ ਇਲਜ਼ਾਮ ਲਗਾਉਣਾ | ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੀ ਜਨਤਾ ਦਾ ਧਿਆਨ ਭਖਦੇ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ, ਇਸ ਲਈ ਵੰਦੇ ਮਾਤਰਮ 'ਤੇ ਬਹਿਸ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੇ ਇਸ ਰੂਪ (ਦੋ ਪੈਰਾ ਵਾਲੇ) 'ਤੇ ਸਵਾਲ ਉਠਾਉਣਾ ਸੰਵਿਧਾਨ ਸਭਾ ਦੇ ਉਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਇਸ ਨੂੰ ਸਵੀਕਾਰ ਕੀਤਾ ਸੀ | ਪਿ੍ਅੰਕਾ ਗਾਂਧੀ ਨੇ ਕਿਹਾ ਕਿ ਰਵਿੰਦਰ ਨਾਥ ਟੈਗੋਰ, ਮਹਾਤਮਾ ਗਾਂਧੀ, ਮੌਲਾਨਾ ਅਬੁਲ ਕਲਾਮ ਆਜ਼ਾਦ, ਭੀਮ ਰਾਓ ਅੰਬੇਡਕਰ ਜਿਹੀਆਂ ਸ਼ਖਸੀਅਤਾਂ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਸੱਤਾ ਧਿਰ ਦੇ ਲੋਕ ਏਨੇ ਹੰਗਾਰੀ ਹੋ ਗਏ ਹਨ ਕਿ ਖੁਦ ਨੂੰ ਇਨ੍ਹਾਂ ਸ਼ਖਸੀਅਤਾਂ ਤੋਂ ਉਪਰ ਸਮਝਣ ਲੱਗ ਪਏ ਹਨ | ਪਿ੍ਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਵਲੋਂ ਕਾਂਗਰਸ ਅਤੇ ਪੰਡਿਤ ਨਹਿਰੂ 'ਤੇ ਲਾਏ ਇਲਜ਼ਾਮਾਂ ਦਾ ਵੀ ਸਿਲਸਿਲੇਵਾਰ ਢੰਗ ਨਾਲ ਜਵਾਬ ਦਿੰਦਿਆਂ ਕਿਹਾ ਕਿ ਰਾਸ਼ਟਰੀ ਗਾਨ 'ਜਨ ਗਨ ਮਨ' ਵੀ ਇਕ ਵੱਡੀ ਕਵਿਤਾ ਦਾ ਛੋਟਾ ਹਿੱਸਾ ਹੈ | ਪਿ੍ਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਨਹਿਰੂ ਵਲੋਂ ਬੌਸ ਨੂੰ ਲਿਖੀ ਚਿੱਠੀ ਦੇ ਜਵਾਬ 'ਚ ਹੋਰ ਚਿੱਠੀਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਪੂਰੀ ਗੱਲ ਜਨਤਾ ਤੱਕ ਪਹੁੰਚਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸੁਭਾਸ਼ ਚੰਦਰ ਬੌਸ ਨੇ ਹੀ ਪੰਡਿਤ ਨਹਿਰੂ ਨੂੰ ਕੋਲਕਾਤਾ ਆ ਕੇ ਵੰਦੇ ਮਾਤਰਮ ਦੇ ਇਸ਼ੇ 'ਤੇ ਰਵਿੰਦਰ ਨਾਥ ਟੈਗੋਰ ਨਾਲ ਮਿਲਣ ਨੂੰ ਕਿਹਾ | ਉਨ੍ਹਾਂ ਨਾਲ ਹੀ 26 ਅਕਤੂਬਰ ਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਉਸ ਚਿੱਠੀ ਦਾ ਵੀ ਜ਼ਿਕਰ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਬਾਅਦ ਦੇ ਦੋ ਪੈਰੇ ਫਿਰਕੂ ਰੰਗ ਦੇ ਸਕਦੇ ਹਨ | ਪਿ੍ਅੰਕਾ ਗਾਂਧੀ ਨੇ ਪੰਡਿਤ ਨਹਿਰੂ ਦੇ ਯੋਗਦਾਨ 'ਤੇ ਬੋਲਦਿਆਂ ਕਿਹਾ ਕਿ ਮੋਦੀ ਜੀ ਨੂੰ ਜਿੰਨਾ ਚਿਰ (12 ਸਾਲ) ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਹੋਏ ਹਨ, ਓਨਾ ਚਿਰ ਤਾਂ ਪੰਡਿਤ ਨਹਿਰੂ ਦੇਸ਼ ਦੀ ਆਜ਼ਾਦੀ ਲਈ ਜੇਲ੍ਹ 'ਚ ਸਨ | ਉਨ੍ਹਾਂ ਇਸਰੋ, ਆਈ. ਆਈ. ਟੀ., ਏਮਜ਼, ਬੀ. ਐਚ. ਈ. ਐਲ., ਐਸ. ਏ. ਆਈ. ਐਲ., ਭਾਖੜਾ ਨੰਗਲ ਡੈਮ ਨੂੰ ਪੰਡਿਤ ਨਹਿਰੂ ਦਾ ਦੇਸ਼ ਲਈ ਯੋਗਦਾਨ ਦੱਸਦਿਆਂ ਕਿਹਾ ਕਿ ਜੇਕਰ ਇਹ ਸਭ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਨਾ ਵੇਖ ਰਹੇ ਹੁੰਦੇ | ਪਿ੍ਅੰਕਾ ਗਾਂਧੀ ਨੇ ਸਰਕਾਰ 'ਤੇ ਵਾਰ-ਵਾਰ ਅਤੀਤ ਦੇ ਮੁੱਦੇ ਉਠਾਉਣ ਦੀ ਕਵਾਇਦ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੂੰ ਜਿੰਨੀਆਂ ਵੀ ਪੰਡਿਤ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਪਰਿਵਾਰਵਾਦ ਦੀਆਂ ਜੋ ਵੀ ਸ਼ਿਕਾਇਤਾਂ ਹਨ, ਉਸ ਦੀ ਸੂਚੀ ਬਣਾ ਕੇ ਇਕੋ ਵਾਰ ਜਿੰਨੀ ਵੀ ਲੰਮੀ ਬਹਿਸ ਕਰਵਾਉਣੀ ਹੈ ਕਰਵਾ ਲਈ ਜਾਵੇ ਤਾਂ ਜੋ ਸਦਨ ਦਾ ਕੀਮਤੀ ਸਮਾਂ ਵਾਰ-ਵਾਰ ਖਰਾਬ ਨਾ ਕੀਤਾ ਜਾਵੇ ਅਤੇ ਇਸ ਸਦਨ 'ਚ ਅਜੋਕੇ ਦੌਰ ਦੇ ਭਖਦੇ ਮੁੱਦੇ-ਬੇਰੁਜ਼ਗਾਰੀ, ਮਹਿੰਗਾਈ, ਔਰਤਾਂ 'ਤੇ ਹਮਲੇ, ਬੈਟਿੰਗ ਦੀ ਗੱਲ ਕੀਤੀ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਮੋਦੀ ਜੀ ਉਹ ਪ੍ਰਧਾਨ ਮੰਤਰੀ ਨਹੀਂ ਰਹੇ, ਜੋ ਇਕ ਸਮੇਂ ਹੁੰਦੇ ਸਨ | ਹੁਣ ਦਿਖਣ ਲੱਗ ਪਿਆ ਹੈ ਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਘਟਣ ਲੱਗ ਗਿਆ ਹੈ | ਉਨ੍ਹਾਂ ਦੀਆਂ ਨੀਤੀਆਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ |
ਪ੍ਰਧਾਨ ਮੰਤਰੀ ਵਲੋਂ ਭਾਸ਼ਨ ਦੀ ਸ਼ੁਰੂਆਤ 'ਚ ਗੁਰੂ ਤੇਗ਼ ਬਹਾਦਰ ਜੀ ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੇ ਸ਼ੁਰੂ 'ਚ ਹੀ ਵੱਖ-ਵੱਖ ਮੌਕਿਆਂ 'ਤੇ ਸਰਕਾਰ ਵਲੋਂ ਕਰਵਾਏ ਵੱਡੇ ਸਮਾਗਮਾਂ ਦਾ ਜ਼ਿਕਰ ਕਰਦਿਆਂ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਵਿਧਾਨ ਦੇ 75 ਸਾਲ ਹੋਣ 'ਤੇ, ਚਰਚਾ ਕਰਵਾਈ | ਉਨ੍ਹਾਂ ਬਿਰਸਾ ਮੁੰਡਾ ਅਤੇ ਸੰਵਿਧਾਨ ਨਿਰਮਾਤਾ ਬਾਬਾ ਭੀਮ ਰਾਓ ਅੰਬੇਡਕਰ ਨੂੰ ਵੀ ਯਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਸਰਕਾਰ ਨੇ ਗੁਰੂ ਤੇਗ਼ ਬਹਾਦਰ ਜੀ ਦਾ ਵੀ 350ਵਾਂ ਸ਼ਹੀਦੀ ਦਿਹਾੜਾ ਮਨਾਇਆ |
ਵੰਦੇ ਮਾਤਰਮ ਨਾਲ ਇਨਸਾਫ਼ ਨਹੀਂ ਹੋਇਆ-ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵੰਦੇ ਮਾਤਰਮ ਨਾਲ ਜੋ ਨਿਆਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ | ਜਨ ਗਣ ਮਨ ਰਾਸ਼ਟਰੀ ਭਾਵਨਾ 'ਚ ਜੰਮਿਆ ਪਰ ਵੰਦੇ ਮਾਤਰਮ ਨੂੰ ਦਬਾਇਆ ਗਿਆ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅਸੀਂ (ਸਰਕਾਰ) ਅੱਜ ਵੰਦੇ ਮਾਤਰਮ ਦੀ ਗਰਿਮਾ ਨੂੰ ਮੁੜ ਤੋਂ ਸਥਾਪਿਤ ਕਰ ਰਹੇ ਹਾਂ ਪਰ ਕੁਝ ਲੋਕ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਨ ਗਣ ਮਨ ਅਤੇ ਵੰਦੇ ਮਾਤਰਮ ਦਰਮਿਆਨ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੀ ਧਾਰਨਾ ਗਲਤ ਹੈ |
ਅੱਜ ਲੋਕ ਸਭਾ 'ਚ ਹੋਵੇਗੀ ਚੋਣ ਸੁਧਾਰਾਂ 'ਤੇ ਚਰਚਾ
ਨਵੀਂ ਦਿੱਲੀ, 8 ਦਸੰਬਰ (ਉਪਮਾ ਡਾਗਾ ਪਾਰਥ)-ਮੰਗਲਵਾਰ ਨੂੰ ਲੋਕ ਸਭਾ 'ਚ ਚੋਣ ਸੁਧਾਰਾਂ, ਜਿਸ ਦੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਵੀ ਸ਼ਾਮਿਲ ਹੈ, 'ਤੇ ਚਰਚਾ ਹੋਵੇਗੀ | ਵਿਰੋਧੀ ਧਿਰਾਂ ਵਲੋਂ ਚਰਚਾ ਦੀ ਸ਼ੁਰੂਆਤ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਰਨਗੇ | ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਬੁੱਧਵਾਰ ਨੂੰ ਬਹਿਸ ਦਾ ਜਵਾਬ ਦੇਣਗੇ |
'ਵੰਦੇ ਮਾਤਰਮ' 'ਤੇ ਚਰਚਾ ਨੂੰ ਲੈ ਕੇ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਤਿੱਖੀ ਸ਼ਬਦੀ ਜੰਗ <br/>
ਅਜੀਤ ਡੈਸਕ
09-12-2025