ਹਰਕਵਲਜੀਤ ਸਿੰਘ
ਚੰਡੀਗੜ੍ਹ, 8 ਦਸੰਬਰ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਵਲੋਂ ਬੀਤੇ ਦਿਨ ਦਿੱਤੇ ਗਏ ਬਿਆਨ ਕਿ 'ਕਾਂਗਰਸ 'ਚ ਮੁੱਖ ਮੰਤਰੀ ਬਣਨ ਲਈ 500 ਕਰੋੜ ਚਾਹੀਦਾ ਹੈ, ਜੋ ਸਾਡੇ ਕੋਲ ਨਹੀਂ ਹੈ', ਨੂੰ ਲੈ ਕੇ ਕਾਂਗਰਸ 'ਚ ਜੋ ਸਿੱਧੂ ਪਰਿਵਾਰ ਵਿਰੁੱਧ ਰੋਹ ਉੱਠਿਆ ਅਤੇ ਜਿਵੇਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਹਾਈਕਮਾਨ ਕੋਲ ਨਵਜੋਤ ਕੌਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਅੱਜ ਸ਼ਾਮ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਵਜੋਤ ਕੌਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ | ਗੌਰਤਲਬ ਹੈ ਕਿ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਨਾਲ ਜਾਰੀ ਹੋਏ ਇਸ ਹੁਕਮ 'ਚ ਮੁਅੱਤਲੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ | ਹਾਲਾਂਕਿ, ਇਹ ਵੀ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਪਾਰਟੀ ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਕਾਰਨ ਦੱਸੋ ਨੋਟਿਸ ਵੀ ਜਾਰੀ ਕਰੇਗੀ ਜਾਂ ਉਨ੍ਹਾਂ ਤੋਂ ਕੋਈ ਸਪੱਸ਼ਟੀਕਰਨ ਵੀ ਮੰਗਿਆ ਜਾਵੇਗਾ | ਸੀਨੀਅਰ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਦੇ ਬਿਆਨਾਂ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ ਹੈ ਤੇ ਦੂਜੀਆਂ ਪਾਰਟੀਆਂ ਨੂੰ ਕਾਂਗਰਸ ਵਿਰੁੱਧ ਭੰਡੀ-ਪ੍ਰਚਾਰ ਕਰਨ ਦਾ ਮੌਕਾ ਮਿਲਿਆ ਹੈ | ਨਵਜੋਤ ਕੌਰ ਨੇ ਅੱਜ ਆਪਣੀ ਮੁਅੱਤਲੀ 'ਤੇ ਟਿੱਪਣੀ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਵੀ ਦੂਸ਼ਣਬਾਜ਼ੀ ਕੀਤੀ ਤੇ ਕਿਹਾ ਕਿ ਮੈਂ ਉਸ ਨੂੰ ਪ੍ਰਧਾਨ ਨਹੀਂ ਮੰਨਦੀ | ਡਾ. ਨਵਜੋਤ ਕੌਰ ਵਲੋਂ ਕੱਲ੍ਹ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪਤੀ ਕਾਂਗਰਸ 'ਚ ਦੁਬਾਰਾ ਸਰਗਰਮ ਤਾਂ ਹੀ ਹੋਣਗੇ ਜੇ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆਂ ਜਾਵੇਗਾ | ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ ਲਈ ਸਰਗਰਮ ਨਜ਼ਰ ਨਹੀਂ ਆਏ ਤੇ ਨਾ ਹੀ ਉਹ ਪਾਰਟੀ ਦੇ ਪ੍ਰੋਗਰਾਮਾਂ ਜਾਂ ਮੀਟਿੰਗਾਂ 'ਚ ਸ਼ਮੂਲੀਅਤ ਕਰ ਰਹੇ ਹਨ | ਪਰ ਪਿਛਲੇ ਕੁਝ ਸਮੇਂ ਦੌਰਾਨ ਉਹ ਕ੍ਰਿਕਟ ਬੋਰਡ ਦੇ ਪ੍ਰੋਗਰਾਮਾਂ ਲਈ ਜ਼ਰੂਰ ਜੁੜੇ ਰਹੇ ਹਨ | ਸਿਆਸੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਸਿੱਧੂ ਪਰਿਵਾਰ ਦੀ ਬਗਾਵਤ ਤੇ ਰਣਨੀਤੀ ਸੋਚੀ ਸਮਝੀ ਨਜ਼ਰ ਆਉਂਦੀ ਹੈ, ਕਿਉਂਕਿ ਉਨ੍ਹਾਂ ਵਲੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕਾਂਗਰਸ ਹਾਈਕਮਾਨ ਵਲੋਂ ਇਕ ਤਰ੍ਹਾਂ ਨਾਲ ਪਰਿਵਾਰ ਤੋਂ ਪੱਲਾ ਝਾੜ ਲਿਆ ਗਿਆ ਹੈ ਤੇ ਪਾਰਟੀ ਵਲੋਂ ਉਨ੍ਹਾਂ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ | ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਸਿੱਧੂ ਪਰਿਵਾਰ ਆਉਂਦੇ ਦਿਨਾਂ ਦੌਰਾਨ ਆਪਣੀ ਰਣਨੀਤੀ ਸਾਹਮਣੇ ਲਿਆ ਸਕਦਾ ਹੈ, ਪ੍ਰੰਤੂ ਇਹ ਸਪੱਸ਼ਟ ਨਹੀਂ ਕਿ ਉਹ ਪੰਜਾਬ 'ਚ ਕੋਈ ਨਵੀਂ ਪਾਰਟੀ ਜਾ ਧੜਾ ਖੜ੍ਹਾ ਕਰਨਗੇ ਜਾਂ ਕਿਸੇ ਮੌਜੂਦਾ ਪਾਰਟੀ ਨਾਲ ਜੁੜਣ ਦਾ ਫ਼ੈਸਲਾ ਲੈਣਗੇ | ਨਵਜੋਤ ਕੌਰ ਦਾ ਇਹ ਬਿਆਨ ਕਿ ਕਾਂਗਰਸ 'ਚ ਪਹਿਲਾਂ ਹੀ 4-5 ਮੁੱਖ ਮੰਤਰੀ ਦੇ ਉਮੀਦਵਾਰ ਆਪਸ 'ਚ ਲੜ ਰਹੇ ਹਨ, ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ | ਇਸ ਦੇ ਨਾਲ ਨਵੀਂ ਪਾਰਟੀ ਬਣਾਉਣ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਹਨ | ਪਰ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਵੀ ਕਾਫੀ ਚਣੌਤੀਪੂਰਨ ਹੋਵੇਗਾ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਕਾਂਗਰਸ ਪਾਰਟੀ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦਾ ਪੁਰਾਣਾ ਧੜਾ ਵੀ ਖਿੰਡ ਚੁੱਕਾ ਹੈ, ਪੰ੍ਰਤੂ ਆਪਣੇ-ਆਪ ਨੂੰ ਸਿਆਸੀ ਤੌਰ 'ਤੇ ਸਰਗਰਮ ਕਰਨ ਲਈ ਉਹ ਕੀ ਰਣਨੀਤੀ ਅਪਣਾਉਣਗੇ ਇਹ ਦੇਖਣਯੋਗ ਹੋਵੇਗਾ | ਕਿਉਂਕਿ, ਉਨ੍ਹਾਂ ਨੂੰ ਸਾਫ਼ ਅਕਸ ਵਾਲੇ ਲੀਡਰ ਵਜੋਂ ਅਜੇ ਵੀ ਪ੍ਰਵਾਨ ਕੀਤਾ ਜਾਂਦਾ ਹੈ |
ਕਾਂਗਰਸ ਵਲੋਂ ਨਵਜੋਤ ਕੌਰ ਸਿੱਧੂ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ <br/>
ਅਜੀਤ ਡੈਸਕ
09-12-2025