ਆਸਿਮ ਮੁਨੀਰ ਪਾਕਿ ਦੇ ਪਹਿਲੇ ਸੀ.ਡੀ.ਐਫ. ਨਿਯੁਕਤ
ਅੰਮਿ੍ਤਸਰ, 4 ਦਸੰਬਰ (ਸੁਰਿੰਦਰ ਕੋਛੜ/ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਪੱਤਰ ਲਿਖ ਕੇ 44 ਅਮਰੀਕੀ ਕਾਨੂੰਨਸਾਜ਼ਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫ਼ੌਜ ਮੁਖੀ ਆਸਿਮ ਮੁਨੀਰ ਵਿਰੁੱਧ ਤੁਰੰਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ | ਕਾਨੂੰਨਸਾਜ਼ਾਂ ਦਾ ਦੋਸ਼ ਹੈ ਕਿ ਪਾਕਿ ਦੀ ਫੌਜ-ਸਮਰਥਿਤ ਸਰਕਾਰ ਦੇ ਕਾਰਜਕਾਲ ਦੌਰਾਨ ਪਾਕਿ 'ਚ ਤਾਨਾਸ਼ਾਹੀ ਵਧ ਰਹੀ ਹੈ | ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਗਵਾ ਕੀਤਾ ਜਾ ਰਿਹਾ ਹੈ ਜਾਂ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਕਾਨੂੰਨਸਾਜ਼ਾਂ ਨੇ ਪੱਤਰ 'ਚ ਕਈ ਘਟਨਾਵਾਂ ਦਾ ਹਵਾਲਾ ਵੀ ਦਿੱਤਾ ਅਤੇ ਪਾਕਿ 'ਚ ਵਧ ਰਹੇ ਤਾਨਾਸ਼ਾਹੀ ਸੰਕਟ ਬਾਰੇ ਚਿੰਤਾ ਵੀ ਪ੍ਰਗਟਾਈ | ਉਨ੍ਹਾਂ ਦੇ ਅਨੁਸਾਰ ਵਿਰੋਧੀ ਆਗੂਆਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹ 'ਚ ਸੁੱਟਿਆ ਜਾ ਰਿਹਾ ਹੈ | ਆਮ ਨਾਗਰਿਕਾਂ ਨੂੰ ਸਿਰਫ਼ ਸੋਸ਼ਲ ਮੀਡੀਆ ਪੋਸਟਾਂ ਲਈ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ | ਔਰਤਾਂ, ਧਾਰਮਿਕ ਘੱਟ ਗਿਣਤੀਆਂ ਤੇ ਖ਼ਾਸ ਕਰਕੇ ਬਲੋਚਿਸਤਾਨ ਦੇ ਲੋਕ ਸਭ ਤੋਂ ਗੰਭੀਰ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ | ਕਾਨੂੰਨਸਾਜ਼ਾਂ ਦੇ ਪੱਤਰ ਦੇ ਅਨੁਸਾਰ ਮੁਨੀਰ ਅਤੇ ਸ਼ਰੀਫ਼ ਸਮੇਤ ਸੀਨੀਅਰ ਪਾਕਿਸਤਾਨੀ ਅਧਿਕਾਰੀਆਂ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਵੀਜ਼ਾ ਪਾਬੰਦੀ ਅਤੇ ਜਾਇਦਾਦ ਫ੍ਰੀਜ਼ ਵਰਗੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਦੂਜੇ ਪਾਸੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਫ਼ੌਜ ਮੁਖੀ, ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ 5 ਸਾਲਾਂ ਦੀ ਮਿਆਦ ਲਈ ਪਾਕਿਸਤਾਨ ਦੇ ਪਹਿਲੇ ਰੱਖਿਆ ਬਲਾਂ ਦੇ ਮੁਖੀ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ |
44 ਅਮਰੀਕੀ ਕਾਨੂੰਨਸਾਜ਼ਾਂ ਵਲੋਂ ਪਾਕਿ ਪ੍ਰਧਾਨ ਮੰਤਰੀ, ਫ਼ੌਜ ਮੁਖੀ 'ਤੇ ਪਾਬੰਦੀ ਲਗਾਉਣ ਦੀ ਮੰਗ
ਅਜੀਤ ਡੈਸਕ
05-12-2025