ਹਰਸਿਮਰਤ, ਖ਼ਾਲਸਾ, ਮੀਤ ਹੇਅਰ, ਔਜਲਾ, ਧਰਮਵੀਰ ਗਾਂਧੀ, ਚੱਬੇਵਾਲ ਤੇ ਕੰਗ ਨੇ ਉਠਾਏ ਸੂਬੇ ਦੇ ਕਈ ਗੰਭੀਰ ਮਸਲੇ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 4 ਦਸੰਬਰ-ਰਾਸ਼ਟਰੀ ਪੱਧਰ 'ਤੇ ਵਿਰੋਧੀ ਧਿਰਾਂ ਲਈ ਸਰੋਕਾਰ ਦਾ ਮੁੱਦਾ ਬਣੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਨੂੰ ਲੈ ਕੇ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਬਣੀ ਸਹਿਮਤੀ ਤੋਂ ਬਾਅਦ ਵੀਰਵਾਰ ਨੂੰ ਲੋਕ ਸਭਾ 'ਚ ਸੂਬਾਈ ਮਸਲਿਆਂ, ਖ਼ਾਸ ਤੌਰ 'ਤੇ ਪੰਜਾਬ ਦੇ ਮੁੱਦਿਆਂ ਦਾ ਬੋਲਬਾਲਾ ਰਿਹਾ | ਪੰਜਾਬ ਦੇ ਸੰਸਦ ਮੈਂਬਰਾਂ ਨੇ ਨਸ਼ਿਆਂ, ਪੀਣ ਵਾਲੇ ਪਾਣੀ, ਚੰਡੀਗੜ੍ਹ 'ਤੇ ਪੰਜਾਬ ਦੇ ਹੱਕ, ਬੀ.ਐਸ.ਐਨ.ਐਲ. ਦੇ ਨੈੱਟਵਰਕ 'ਤੇ ਪੰਜਾਬ ਦੇ ਹੜ੍ਹਾਂ ਅਤੇ ਆਦਮਪੁਰ ਹਵਾਈ ਅੱਡੇ ਨਾਲ ਸੰਬੰਧਿਤ ਮੁੱਦਿਆਂ ਨੂੰ ਉਠਾਇਆ ਅਤੇ ਕੇਂਦਰ ਨੂੰ ਇਸ ਸੰਬੰਧ 'ਚ ਫੌਰੀ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ |
ਨਸ਼ਿਆਂ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਚੁੱਕੇ ਜਾਣ ਪ੍ਰਭਾਵੀ ਕਦਮ-ਹਰਸਿਮਰਤ
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ 'ਚ ਨਸ਼ਿਆਂ ਅਤੇ ਮਨੁੱਖੀ ਤਸਕਰੀ ਰੋਕਣ ਲਈ ਕੇਂਦਰ ਨੂੰ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ | ਹਰਸਿਮਰਤ ਨੇ ਮੌਜੂਦਾ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਦੇ ਪਸਾਰ 'ਤੇ ਲਗਾਮ ਪਾਉਣ 'ਤੇ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਅੱਧਾ ਪੰਜਾਬ ਬੀ.ਐਸ.ਐਫ. ਦੇ ਅਧੀਨ ਹੋਣ ਕਾਰਨ ਕੇਂਦਰ ਸਰਕਾਰ ਪੰਜਾਬ ਨੂੰ ਇਸ ਲਾਹਨਤ ਤੋਂ ਛੁਡਾਉਣ ਲਈ ਕਦਮ ਚੁੱਕੇ | ਉਨ੍ਹਾਂ ਕਿਹਾ ਕਿ ਜੁੁਰਮਾਂ ਬਾਰੇ ਰਾਸ਼ਟਰੀ ਰਿਕਾਰਡਜ਼ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੇਸ਼ 'ਚ ਨਸ਼ਿਆਂ ਦੇ ਕਾਰੋਬਾਰ ਦੇ ਮਾਮਲਿਆਂ 'ਚੋਂ 19 ਫ਼ੀਸਦੀ ਪੰਜਾਬ ਤੋਂ ਹਨ ਅਤੇ ਸਭ ਤੋਂ ਵੱਧ ਅਪਰਾਧ ਦਰ ਅਤੇ ਨਸ਼ਿਆਂ ਦੀ ਵੱਧ ਮਾਤਰਾ ਨਾਲ ਮੌਤਾਂ ਦੀ ਦਰ ਵੀ ਪੰਜਾਬ 'ਚ ਹੈ | ਹਰਸਿਮਰਤ ਨੇ ਪੰਜਾਬ ਹਾਈ ਕੋਰਟ ਦੀ ਉਸ ਟਿੱਪਣੀ ਦਾ ਵੀ ਹਵਾਲਾ ਦਿੱਤਾ ਜਿਸ 'ਚ ਕਿਹਾ ਗਿਆ ਕਿ ਸੂਬੇ 'ਚ ਨਸ਼ਿਆਂ ਦਾ ਪਸਾਰ ਆਮ ਹੈ | ਉਨ੍ਹਾਂ ਕਿਹਾ ਕਿ ਅਦਾਲਤ ਨੇ 'ਆਪ' ਸਰਕਾਰ ਨੂੰ ਨਸ਼ੇ ਦੇ ਕਾਰੋਬਾਰ 'ਚ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ | ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਸੂਬਾ ਸਰਕਾਰ ਦੇ ਇਸ 'ਤੇ ਨਕੇਲ ਪਾਉਣ 'ਚ ਅਸਮਰੱਥ ਹੋਣ ਕਾਰਨ ਪੰਜਾਬ 'ਚ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਤੋਂ ਵੱਧ ਨਸ਼ੇ ਵੇਚਣ ਵਾਲਿਆਂ ਦੀ ਗਿਣਤੀ ਹੈ | ਉਨ੍ਹਾਂ ਬੀ.ਐਸ.ਐਫ. ਰਾਹੀਂ ਅਨੇਕਾਂ ਸਰਹੱਦੀ ਜ਼ਿਲਿ੍ਹਆਂ 'ਤੇ ਕੇਂਦਰ ਦਾ ਕੰਟਰੋਲ ਹੋਣ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ |
ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰੇ ਸਰਕਾਰ-ਸਰਬਜੀਤ ਸਿੰਘ ਖ਼ਾਲਸਾ
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਖਿੱਤੇ ਦੇ ਵਾਸੀਆਂ ਨੂੰ ਪੀਣ ਵਾਲਾ ਦੂਸ਼ਿਤ ਪਾਣੀ ਮਿਲ ਰਿਹਾ ਹੈ, ਜਿਸ ਕਾਰਨ ਇਲਾਕੇ 'ਚ ਕੈਂਸਰ ਜਿਹੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ | ਸਿਫਰ ਕਾਲ 'ਚ ਇਹ ਮੁੱਦਾ ਉਠਾਉਂਦਿਆਂ ਖ਼ਾਲਸਾ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਦੀ ਅਪੀਲ ਕੀਤੀ |
ਡਾ. ਧਰਮਵੀਰ ਗਾਂਧੀ ਨੇ ਚੁੱਕਿਆ ਹੜ੍ਹਾਂ ਦਾ ਮੁੱਦਾ
ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ 'ਚ ਹੜ੍ਹਾਂ ਕਾਰਨ ਆਈ ਤਬਾਹੀ ਦਾ ਮੁੱਦਾ ਚੁੱਕਦਿਆਂ ਕੇਂਦਰ ਨੂੰ ਸੂਬਾ ਵਾਸੀਆਂ ਦੀ ਬਾਂਹ ਫੜਣ ਦੀ ਅਪੀਲ ਕੀਤੀ | ਧਰਮਵੀਰ ਗਾਂਧੀ ਨੇ ਸਿਫਰ ਕਾਲ 'ਚ ਮੁੱਦਾ ਉਠਾਉਂਦਿਆਂ ਕਿਹਾ ਕਿ ਸਤਲੁਜ, ਰਾਵੀ, ਬਿਆਸ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੋਈ ਤਬਾਹੀ ਕਾਰਨ ਲੱਖਾਂ ਏਕੜ ਜ਼ਮੀਨ ਬਰਬਾਦ ਹੋ ਗਈ | ਹਜ਼ਾਰਾਂ ਲੋਕ ਬੇਘਰ ਹੋ ਗਏ | ਉਨ੍ਹਾਂ ਦੇਸ਼ ਦੇ ਅੰਨ ਭੰਡਾਰ ਪੰਜਾਬ ਲਈ ਕੇਂਦਰ ਨੂੰ ਦਰਿਆਦਿਲੀ ਵਿਖਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਮਾਂ ਪੰਜਾਬੀਆਂ ਦੀ ਬਾਂਹ ਫੜਣ ਦਾ ਹੈ |
ਚੰਡੀਗੜ੍ਹ ਪੰਜਾਬ ਦੀ ਮੰਗ ਨਹੀਂ, ਸਗੋਂ ਹੱਕ ਹੈ-ਮੀਤ ਹੇਅਰ
ਲੋਕ ਸਭਾ 'ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ 'ਤੇ ਪੰਜਾਬ ਦਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਮੰਗ ਨਹੀਂ ਸਗੋਂ ਹੱਕ ਹੈ | ਮੀਤ ਹੇਅਰ ਨੇ ਸਿਫ਼ਰ ਕਾਲ 'ਚ ਮਾਮਲਾ ਉਠਾਉਂਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਵਲੋਂ ਪੰਜਾਬ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ | ਫਿਰ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਮਾਮਲਾ ਹੋਵੇ, ਪੰਜਾਬ ਯੂਨੀਵਰਸਿਟੀ 'ਚ ਸੈਨੇਟ ਚੋਣਾਂ ਕਰਵਾਉਣ ਦਾ ਮਾਮਲਾ ਹੋਵੇ ਜਾਂ ਫਿਰ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਕੋਸ਼ਿਸ਼ ਹੋਵੇ | ਉਨ੍ਹਾਂ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਜਤਾਉਂਦਿਆਂ ਕਿਹਾ ਕਿ ਚੰਡੀਗੜ੍ਹ ਦੀ ਹੋਂਦ ਪੰਜਾਬ ਦੇ ਪਿੰਡਾਂ ਨੂੰ ਕੱਟ ਕੇ ਹੀ ਬਣੀ ਹੈ | ਉਨ੍ਹਾਂ ਕਿਹਾ ਕਿ ਇਹ ਸਾਡੀ ਮੰਗ ਨਹੀਂ ਸਗੋਂ ਹੱਕ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ |
ਔਜਲਾ ਨੇ ਸਰਹੱਦੀ ਖੇਤਰਾਂ 'ਚ ਬੀ.ਐਸ.ਐਨ.ਐਲ. ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਕੀਤੀ ਮੰਗ
ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮਿ੍ਤਸਰ ਸਮੇਤ ਸਰਹੱਦੀ ਇਲਾਕਿਆਂ 'ਚ ਬੀ.ਐਸ.ਐਨ.ਐਲ. ਦਾ ਨੈੱਟਵਰਕ ਕਮਜ਼ੋਰ ਹੋਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਕਾਰਨ ਸੁਰੱਖਿਆ, ਸੰਚਾਰ ਅਤੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ | ਬੀ.ਐਸ.ਐਨ.ਐਲ. ਦੀ ਭਰੋਸੇਯੋਗਤਾ ਦਾ ਹਵਾਲਾ ਦਿੰਦਿਆਂ ਔਜਲਾ ਨੇ ਬੀ.ਐਸ.ਐਨ.ਐਲ. ਨੂੰ ਮੁੜ ਮਜ਼ਬੂਤ ਕਰਨ ਲਈ ਇਕ ਵਿਸ਼ੇਸ਼ ਪੈਕੇਜ ਲਿਆਉਣ ਦੀ ਮੰਗ ਕੀਤੀ ਤਾਂ ਜੋ ਟਾਵਰਾਂ ਦਾ ਆਧੁਨਿਕੀਕਰਨ, ਫਾਈਬਰ ਕੁਨੈਕਟੀਵਿਟੀ 'ਚ ਸੁਧਾਰ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ |
ਆਦਮਪੁਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਬਣਾਇਆ ਜਾਵੇ-ਚੱਬੇਵਾਲ
ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ 'ਚ ਆਦਮਪੁਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੀ ਮੰਗ ਕੀਤੀ | ਚੱਬੇਵਾਲ ਨੇ ਸਿਫ਼ਰ ਕਾਲ 'ਚ ਕਿਹਾ ਕਿ ਜਲੰਧਰ 'ਚ ਕਾਫੀ ਪ੍ਰਵਾਸੀ ਭਾਰਤੀ ਰਹਿੰਦੇ ਹਨ ਅਤੇ ਕਈ ਅਹਿਮ ਉਦਯੋਗ ਵੀ ਉਥੇ ਹੀ ਹਨ | ਆਦਮਪੁਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਬਣਾਉਣ ਦੀ ਮੰਗ ਦੇ ਨਾਲ ਉਨ੍ਹਾਂ ਅਗਲੇ ਸਾਲ 2026 'ਚ ਗੁਰੂ ਰਵਿਦਾਸ ਜੀ ਦੇ ਸ਼ਤਾਬਦੀ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਇਸੇ ਹਵਾਈ ਅੱਡੇ ਦਾ ਨਾਂਅ ਵੀ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦੀ ਮੰਗ ਕੀਤੀ |
ਪਾਨ ਮਸਾਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਨਾ ਹਾਸੋਹੀਣਾ-ਕੰਗ
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਦੀਆਂ ਨੀਤੀਆਂ 'ਤੇ ਸਵਾਲ ਉਠਾਉਂਦਿਆਂ ਪਾਨ ਮਸਾਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਨ ਨੂੰ ਹਾਸੋਹੀਣਾ ਕਰਾਰ ਦਿੱਤਾ | ਕੰਗ ਨੇ ਉਕਤ ਟਿੱਪਣੀ ਵੀਰਵਾਰ ਨੂੰ ਕੇਂਦਰ ਵਲੋਂ ਲਿਆਂਦੇ ਬਿੱਲ ਹੈਲਥ ਸਕਿਉਰਿਟੀ ਤੇ ਨੈਸ਼ਨਲ ਸਕਿਉਰਿਟੀ ਸੋਧ ਬਿੱਲ 2025 'ਤੇ ਬੋਲਦਿਆਂ ਕਿਹਾ ਕਿ ਸਿਹਤ ਸੁਰੱਖਿਆ ਤਾਂ ਚੰਗੀ ਖੁਰਾਕ ਜਾਂ ਖੇਡਾਂ ਦੇ ਬੁਨਿਆਦੀ ਢਾਂਚੇ ਨਾਲ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਕੱਲ੍ਹ ਨੂੰ ਤੰਬਾਕੂ ਵੇਚਣ ਵਾਲੇ ਨੂੰ ਇਹ ਭਰਮ ਪੈਦਾ ਹੋਵੇਗਾ ਕਿ ਉਸਦੇ ਟੈਕਸ ਦੇਣ ਕਾਰਨ ਹੀ ਰਾਸ਼ਟਰੀ ਸੁਰੱਖਿਆ ਖੜ੍ਹੀ ਹੋਈ ਹੈ | ਕੰਗ ਨੇ ਇਹ ਸਵਾਲ ਵੀ ਉਠਾਇਆ ਕਿ ਕੀ ਇਸ ਬਿੱਲ ਰਾਹੀਂ ਇਕੱਠੇ ਕੀਤੇ ਸੈੱਸ ਦਾ ਇਸਤੇਮਾਲ ਪੰਜਾਬ ਦੀਆਂ ਸਰਹੱਦਾਂ ਦੀ ਮਜ਼ਬੂਤੀ ਲਈ ਕੀਤਾ ਜਾਵੇਗਾ, ਜਿਥੇ ਗੁਆਂਢੀ ਮੁਲਕ ਵਲੋਂ ਨਸ਼ਿਆਂ ਸਮੇਤ ਹੋਰ ਸਭ ਤਰ੍ਹਾਂ ਦੇ ਖ਼ਤਰੇ ਸਹਿਣੇ ਪੈਂਦੇ ਹਨ?
ਲੋਕ ਸਭਾ 'ਚ ਗੂੰਜੇ ਪੰਜਾਬ ਦੇ ਮੁੱਦੇ <br/>
ਅਜੀਤ ਡੈਸਕ
05-12-2025