21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤ ਪੁੱਜੇ ਪੁਤਿਨ ਦਾ ਨਿੱਘਾ ਸਵਾਗਤ<br> ਹਵਾਈ ਅੱਡੇ 'ਤੇ ਪ੍ਰੋਟੋਕੋਲ ਤੋੜ ਕੇ ਆਪ ਲੈਣ ਗਏ ਮੋਦੀ

ਅਜੀਤ ਡੈਸਕ 05-12-2025

ਜੱਫੀ ਪਾ ਕੇ ਮਿਲੇ, ਅੱਜ ਹੋਵੇਗੀ ਦੁਵੱਲੀ ਗੱਲਬਾਤ
ਨਵੀਂ ਦਿੱਲੀ, 4 ਦਸੰਬਰ (ਪੀ. ਟੀ. ਆਈ.)-ਭਾਰਤ-ਰੂਸ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ 23ਵੇਂ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਨਵੀਂ ਦਿੱਲੀ ਪੁੱਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੋਟੋਕੋਲ ਤੋੜਦਿਆਂ ਪਾਲਮ ਹਵਾਈ ਅੱਡੇ 'ਤੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਥੇ ਉਹ ਆਪਣੇ ਦੋਸਤ ਪੁਤਿਨ ਨੂੰ ਜੱਫੀ ਪਾ ਕੇ ਮਿਲੇ | ਇਸ ਦੌਰਾਨ ਪੁਤਿਨ ਹਵਾਈ ਅੱਡੇ ਤੋਂ ਆਪਣੀ ਵਿਸ਼ੇਸ਼ ਕਾਰ ਦੀ ਜਗ੍ਹਾ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵੱਲ ਗਏ | ਪੁਤਿਨ ਦੇ ਭਾਰਤ ਆਉਣ ਤੋਂ ਪਹਿਲਾਂ ਕਈ ਰੂਸੀ ਮੰਤਰੀ ਦਿੱਲੀ ਪਹੁੰਚ ਚੁੱਕੇ ਹਨ | ਇਨ੍ਹਾਂ 'ਚ ਉਪ ਪ੍ਰਧਾਨ ਮੰਤਰੀ ਡੇਨਿਸ ਮੰਟੂਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ ਤੇ ਖੇਤੀਬਾੜੀ ਮੰਤਰੀ ਦਮਿਤਰੀ ਪੈਟਰੋਵ ਸ਼ਾਮਿਲ ਹਨ | ਪੁਤਿਨ ਦਾ ਭਲਕੇ ਰਸਮੀ ਸਵਾਗਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਭਾਰਤ ਅਤੇ ਰੂਸ ਵਿਚਕਾਰ 23ਵਾਂ ਸਿਖਰ ਸੰਮੇਲਨ ਹੋਵੇਗਾ | ਦੋਵੇਂ ਧਿਰਾਂ ਵਪਾਰ ਸਮੇਤ ਕਈ ਖੇਤਰਾਂ 'ਚ ਸਮਝੌਤੇ ਸਹੀਬੰਦ ਕਰ ਸਕਦੀਆਂ ਹਨ, ਜਿਸ 'ਚ ਰੱਖਿਆ ਸਹਿਯੋਗ ਨੂੰ ਵਧਾਉਣ, ਦੁਵੱਲੇ ਵਪਾਰ ਨੂੰ ਬਾਹਰੀ ਦਬਾਅ ਤੋਂ ਬਚਾਉਣ ਅਤੇ ਛੋਟੇ 'ਮਾਡਿਊਲਰ ਰਿਐਕਟਰਾਂ' ਦੇ ਖੇਤਰ 'ਚ ਸੰਭਾਵਿਤ ਸਹਿਯੋਗ 'ਤੇ ਧਿਆਨ ਕੇਂਦਰਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪੁਤਿਨ ਯੂਕਰੇਨ ਜੰਗ ਖਤਮ ਕਰਨ ਲਈ ਨਵੇਂ ਅਮਰੀਕੀ ਯਤਨਾਂ ਦੇ ਵਿਚਕਾਰ ਭਾਰਤ ਦਾ ਦੌਰਾ ਕਰ ਰਹੇ ਹਨ, ਲਿਹਾਜ਼ਾ ਇਸ ਮੁੱਦੇ 'ਤੇ ਵੀ ਸਿਖਰ ਸੰਮੇਲਨ 'ਚ ਚਰਚਾ ਹੋਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਪੱਛਮੀ ਮੁਲਕਾਂ ਦੀ ਮੋਦੀ-ਪੁਤਿਨ ਗੱਲਬਾਤ 'ਤੇ ਨੇੜਿਓਾ ਨਜ਼ਰ ਰਹੇਗੀ |
ਪੁਤਿਨ ਆਪਣੀ ਵਿਸ਼ੇਸ਼ ਕਾਰ ਛੱਡ ਮੋਦੀ ਨਾਲ ਬੈਠੇ
ਪੁਤਿਨ ਆਪਣੇ ਕਾਫਲੇ ਦੀ ਕਾਰ ਛੱਡ ਕੇ ਮੋਦੀ ਦੀ ਕਾਰ 'ਚ ਬੈਠੇ | ਇਸ ਤੋਂ ਪਹਿਲਾਂ ਚੀਨ ਦੇ ਤਿਆਨਜਿਨ 'ਚ ਮੋਦੀ, ਪੁਤਿਨ ਦੀ ਲਿਮੋਜ਼ਿਨ 'ਚ ਗਏ ਸਨ | ਦਿੱਲੀ 'ਚ ਮੋਦੀ ਨੇ ਪੁਤਿਨ ਦਾ ਇਸੇ ਤਰ੍ਹਾਂ ਸਵਾਗਤ ਕੀਤਾ |
ਮੋਦੀ ਨੇ ਪੁਤਿਨ ਲਈ ਰਾਤ ਦੇ ਖਾਣੇ ਦੀ ਕੀਤੀ ਮੇਜ਼ਬਾਨੀ
ਸ਼ਾਮ ਨੂੰ ਮੋਦੀ ਨੇ ਰੂਸੀ ਰਾਸ਼ਟਰਪਤੀ ਲਈ ਇਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ, ਜੋ ਕਿ ਪਿਛਲੇ ਸਾਲ ਜੁਲਾਈ 'ਚ ਮਾਸਕੋ ਦੀ ਯਾਤਰਾ ਦੌਰਾਨ ਪੁਤਿਨ ਵਲੋਂ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਮਹਿਮਾਨਨਿਵਾਜ਼ੀ ਦੇ ਜਵਾਬ 'ਚ ਸੀ | ਇਸ ਮੌਕੇ ਮੋਦੀ ਦੇ ਸਰਕਾਰੀ ਨਿਵਾਸ ਨੂੰ ਚਮਕਦਾਰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ |
ਦੁਨੀਆ 'ਚ ਸਭ ਤੋਂ ਵੱਧ ਟਰੈਕ ਹੋਈ ਪੁਤਿਨ ਦੀ ਉਡਾਣ
ਪੁਤਿਨ ਨੂੰ ਲੈ ਕੇ ਜਾਣ ਵਾਲਾ ਜਹਾਜ਼ ਅੱਜ ਦੁਨੀਆ ਵਿਚ ਸਭ ਤੋਂ ਵੱਧ ਟਰੈਕ ਕੀਤੀ ਗਈ ਉਡਾਣ ਸੀ | ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ ਦੇ ਅਨੁਸਾਰ, ਵੱਡੀ ਗਿਣਤੀ 'ਚ ਲੋਕਾਂ ਨੇ ਜਹਾਜ਼ ਦੀ ਲਾਈਵ ਲੋਕੇਸ਼ਨ ਦੇਖੀ |
...ਕੀ ਲਿਖਿਆ ਹੈ ਪੁਤਿਨ ਦੇ ਜਹਾਜ਼ 'ਤੇ
ਪੁਤਿਨ ਦੇ ਜਹਾਜ਼ ਦਾ ਨਾਂਅ ਇਲਯੂਸ਼ਿਨ-96 (ਆਈ.ਐਲ.96) ਹੈ | ਜਹਾਜ਼ 'ਤੇ ਰੂਸੀ 'ਚ 'ਪੀਓਸੀਸੀਐਚਆਰ' ਲਿਖਿਆ ਹੋਇਆ ਹੈ, ਜਿਸ ਦਾ ਅਰਥ ਹੈ 'ਰੂਸ' | ਇਹ ਸਿਰਿਲਿਕ ਲਿਪੀ 'ਚ ਲਿਖਿਆ ਗਿਆ ਹੈ |

ਪਿਛਲੀ ਖ਼ਬਰ 1 ਸਾਲ 'ਚ ਖ਼ਤਮ ਹੋ ਜਾਣਗੇ ਸਾਰੇ ਟੋਲ ਬੂਥ-ਗਡਕਰੀ ਅਗਲੀ ਖ਼ਬਰ 'ਭਵਿੱਖ ਦਾ ਈਾਧਨ ਹਾਈਡ੍ਰੋਜਨ ਹੈ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।