ਪੰਜਾਬ ਵਲੋਂ ਜਪਾਨ ਦੀ ਆਈਚੀ ਸਟੀਲ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)-ਆਪਣੇ ਜਪਾਨ ਦੌਰੇ ਦੇ ਤੀਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ | ਜਿਸ ਵਿਚ ਜਪਾਨ ਦੀ ਸਟੀਲ ਕੰਪਨੀ ਆਈਚੀ ਸਟੀਲ ਨੇ ਸੂਬੇ 'ਚ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਪਣੇ ਸਹਿਯੋਗ ਨੂੰ ਵਧਾਉਣ ਦੀ ਹਾਮੀ ਭਰੀ ਹੈ | ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਸਮਝੌਤੇ 'ਤੇ ਹਸਤਾਖ਼ਰ ਕੀਤੇ | ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਲਈ ਇਕ ਸੁਨਹਿਰੀ ਦਿਨ ਹੈ ਕਿਉਂਕਿ ਆਈਚੀ ਸਟੀਲ ਕਾਰਪੋਰੇਸ਼ਨ ਜਿਸ ਨੂੰ ਟੋਯੋਟਾ ਦੀ ਸਟੀਲ ਆਰਮ ਵਜੋਂ ਜਾਣਿਆ ਜਾਂਦਾ ਹੈ, ਨੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ | ਉਨ੍ਹਾਂ ਕਿਹਾ ਕਿ ਆਈਚੀ ਸਟੀਲ ਜਿਸ ਦੀ ਪਹਿਲਾਂ ਹੀ ਵਰਧਮਾਨ ਵਿਚ ਲਗਭਗ 24.9 ਫ਼ੀਸਦੀ ਹਿੱਸੇਦਾਰੀ ਹੈ ਅਤੇ ਮੁੱਖ ਤਕਨਾਲੋਜੀ ਭਾਈਵਾਲ ਵਜੋਂ ਪੰਜਾਬ ਦੇ ਉਦਯੋਗਿਕ ਵਾਤਾਵਰਨ 'ਚ ਇਕ ਮਜ਼ਬੂਤ ਅਤੇ ਵਿਕਸਤ ਹੋ ਰਹੀ ਭਾਰਤ-ਜਪਾਨ ਭਾਈਵਾਲੀ ਦੀ ਪ੍ਰਤੀਕ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜਪਾਨ ਦੀ ਸਿਰਮੌਰ ਸਟੀਲ ਕੰਪਨੀ ਪੰਜਾਬ 'ਚ ਭਵਿੱਖੀ ਫ਼ੈਕਟਰੀ ਕਾਰਜਾਂ ਦਾ ਅਧਿਐਨ ਕਰੇਗੀ, ਜਿਸ ਵਿਚ ਲਗਭਗ 500 ਕਰੋੜ ਦੇ ਸੰਭਾਵੀ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਿਲ ਹੈ | ਮੁੱਖ ਮੰਤਰੀ ਨੇ ਆਈਚੀ ਨੂੰ 13-15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਦਕ ਸੰਮੇਲਨ 2026 ਵਿਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਤਾਂ ਜੋ ਡੂੰਘੀ ਸ਼ਮੂਲੀਅਤ ਅਤੇ ਵਿਸਥਾਰਤ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ |
ਜਪਾਨ ਦੌਰੇ ਦੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਲਈ 500 ਕਰੋੜ ਦਾ ਨਿਵੇਸ਼ ਕੀਤਾ ਸੁਰੱਖਿਅਤ
ਅਜੀਤ ਡੈਸਕ
05-12-2025