ਨਵੀਂ ਦਿੱਲੀ, 4 ਦਸੰਬਰ (ਜਗਤਾਰ ਸਿੰਘ)-ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਲਗਾਤਾਰ ਤੀਜੇ ਦਿਨ ਵੀ ਸੰਚਾਲਨ ਚੁਣੌਤੀਆਂ ਨਾਲ ਜੂਝਦੀ ਰਹੀ ¢ ਵੀਰਵਾਰ ਨੂੰ ਦੇਸ਼ ਭਰ ਵਿਚ 170 ਦੇ ਕਰੀਬ ਉਡਾਣਾਂ ਰੱਦ ਹੋਣ ਦੀ ਰਿਪੋਰਟ ਹੈ, ਜਦਕਿ ਤਿੰਨ ਦਿਨਾਂ ਵਿਚ ਇੰਡੀਗੋ ਦੀਆਂ ਲਗਭਗ 550 ਉਡਾਣਾਂ ਰੱਦ ਹੋਈਆਂ ਹਨ¢ ਇਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਦਿੱਲੀ, ਮੁੰਬਈ, ਹੈਦਰਾਬਾਦ, ਅਹਿਮਦਾਬਾਦ ਅਤੇ ਬੈਂਗਲੁਰੂ ਸਮੇਤ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਹਫ਼ੜਾ-ਦਫ਼ੜੀ ਵਰਗੀ ਸਥਿਤੀ ਬਣੀ ਹੋਈ ਹੈ¢ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ 'ਤੇ 12 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਉਡੀਕ ਕਰਦੇ ਰਹੇ, ਪਰ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਜਾਣ ਵਾਲੀ ਫਲਾਈਟ ਨਹੀਂ ਮਿਲੀ¢ ਵੀਰਵਾਰ ਨੂੰ , ਦਿੱਲੀ ਤੋਂ ਇੰਡੀਗੋ ਦੀਆਂ 30 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ¢ ਹੈਦਰਾਬਾਦ ਵਿਚ ਵੀ 33 ਅਤੇ ਬੈਂਗਲੁਰੂ ਵਿਚ ਕੁੱਲ 73 ਉਡਾਣਾਂ ਰੱਦ ਹੋ ਗਈਆਂ¢ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ਨੇ ਇਸ ਸੰਕਟ ਦਾ ਮੁੱਖ ਕਾਰਨ ਸਟਾਫ਼ ਦੀ ਘਾਟ ਦੱਸਿਆ ਹੈ¢ ਹਾਲਾਂਕਿ, ਲਗਾਤਾਰ ਤੀਜੇ ਦਿਨ ਅਜਿਹੇ ਸੰਕਟ ਕਾਰਨ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ¢ ਹਵਾਈ ਯਾਤਰੀਆਂ ਦਾ ਕਹਿਣਾ ਹੈ ਕਿ ਕੋਈ ਵੀ, ਕੁਝ ਜਾਣਕਾਰੀ ਦੇਣ ਦੀ ਸਥਿਤੀ ਵਿਚ ਨਹੀਂ ਹੈ¢ ਬੈਂਗਲੁਰੂ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 73 ਇੰਡੀਗੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ¢ ਮੁੰਬਈ ਹਵਾਈ ਅੱਡਾ ਵੀ ਹਜ਼ਾਰਾਂ ਯਾਤਰੀਆਂ ਨਾਲ ਭਰਿਆ ਹੋਇਆ ਹੈ¢ ਜਦੋਂ ਪੁੱਛਿਆ ਜਾਂਦਾ ਹੈ, ਤਾਂ ਯਾਤਰੀਆਂ ਨੂੰ ਸਿਰਫ਼ 1-2 ਘੰਟੇ ਉਡੀਕ ਕਰਨ ਲਈ ਕਿਹਾ ਜਾਂਦਾ ਹੈ¢ ਬੁੱਧਵਾਰ (3 ਦਸੰਬਰ) ਨੂੰ ਵੀ ਸਥਿਤੀ ਗੰਭੀਰ ਬਣੀ ਰਹੀ, ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੈਂਗਲੁਰੂ ਸਮੇਤ ਕਈ ਹਵਾਈ ਅੱਡਿਆਂ 'ਤੇ ਦੁਪਹਿਰ ਤੱਕ ਲਗਭਗ 200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ¢