ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਲੁੱਟ ਦੀਆਂ ਝੂਠੀਆਂ ਪੁਲਿਸ ਰਿਪੋਰਟਾਂ ਬਣਾ ਕੇ ਵੀਜ਼ਾ ਧੋਖਾਧੜੀ ਕਰਨ ਵਾਲੇ ਭਾਰਤੀ ਕਾਰੋਬਾਰੀ ਚੰਦਰਕਾਂਤ ‘ਲਾਲਾ’ ਪਟੇਲ ਨੂੰ 10 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਲੁਈਜ਼ਿਆਨਾ ਦੇ ਓਕਡੇਲ ਵਾਸੀ ਪਟੇਲ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਚਲਾਉਣ ਵਾਲੇ ਚਾਰ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਵੀ 5-5 ਸਾਲ ਦੀ ਕੈਦ ਹੋਈ ਹੈ। ਇਨ੍ਹਾਂ ’ਚ ਤਿੰਨ ਸਾਬਕਾ ਪੁਲਿਸ ਮੁਖੀ ਤੇ ਇਕ ਸਾਬਕਾ ਮਾਰਸ਼ਲ ਸ਼ਾਮਲ ਹਨ।
ਸੰਘੀ ਸਰਕਾਰੀ ਵਕੀਲ ਦੇ ਦਫ਼ਤਰ ਮੁਤਾਬਕ 40 ਸਾਲਾ ਪਟੇਲ ਨੇ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ਤੇ ਗ਼ੈਰਕਾਨੂੰਨੀ ਕਮਾਈ ਨਾਲ ਵਿੱਤੀ ਲੈਣ-ਦੇਣ ਕਰਨ ਦਾ ਜੁਰਮ ਕਬੂਲ ਕੀਤਾ ਸੀ। ਸੰਘੀ ਜੱਜ ਜੈਰੀ ਐਡਵਰਡਜ਼ ਜੂਨੀਅਰ ਨੇ ਉਸ ਨੂੰ ਸਜ਼ਾ ਸੁਣਾਈ। ਕੈਦ ਪੂਰੀ ਹੋਣ ਮਗਰੋਂ ਉਸ ਨੂੰ ਅਮਰੀਕਾ ਤੋਂ ਕੱਢਿਆ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਸਾਜ਼ਿਸ਼ ਨਵੰਬਰ 2020 ਤੋਂ ਜੁਲਾਈ 2025 ਦਰਮਿਆਨ ਚੱਲੀ।
ਪਟੇਲ ਅਮਰੀਕਾ ’ਚ ਕਾਨੂੰਨੀ ਤੌਰ ’ਤੇ ਰਹਿਣ ਦੀ ਇਜਾਜ਼ਤ ਲੈਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਤੋਂ ਪੈਸੇ ਲੈਂਦਾ ਸੀ।
ਬਦਲੇ ’ਚ ਉਨ੍ਹਾਂ ਨੂੰ ਹਥਿਆਰਬੰਦ ਲੁੱਟ ਦੀਆਂ ਅਜਿਹੀਆਂ ਘਟਨਾਵਾਂ ਦੇ ਪੀੜਤ ਦਰਸਾਇਆ ਜਾਂਦਾ ਸੀ, ਜੋ ਅਸਲ ’ਚ ਵਾਪਰੀਆਂ ਹੀ ਨਹੀਂ ਸਨ। ਇਸ ਮਗਰੋਂ ਪਟੇਲ ਚਾਰਾਂ ਪੁਲਿਸ ਅਧਿਕਾਰੀਆਂ ਨੂੰ ਪੈਸੇ ਦੇ ਕੇ ਝੂਠੀਆਂ ਰਿਪੋਰਟਾਂ ਤਿਆਰ ਕਰਵਾਉਂਦਾ ਸੀ। ਇਹ ਅਧਿਕਾਰੀ ਆਪਣੇ ਅਹੁਦਿਆਂ ਦੀ ਵਰਤੋਂ ਕਰਕੇ ਰਿਪੋਰਟਾਂ ਤੇ ਵੀਜ਼ੇ ਲਈ ਲੋੜੀਂਦੇ ਕਾਗ਼ਜ਼ਾਂ ਨੂੰ ਸਹੀ ਕਰਾਰ ਦਿੰਦੇ ਸਨ। ਫਿਰ ਇਹ ਕਾਗ਼ਜ਼ ‘ਯੂ-ਵੀਜ਼ਾ’ ਦੀਆਂ ਅਰਜ਼ੀਆਂ ਨਾਲ ਲਾਏ ਜਾਂਦੇ ਸਨ, ਤਾਂ ਜੋ ਅਰਜ਼ੀ ਦੇਣ ਵਾਲਿਆਂ ਨੂੰ ਅਪਰਾਧ ਦੇ ਅਸਲ ਪੀੜਤ ਸਮਝਿਆ ਜਾਵੇ।