ਸੈਕਰਾਮੈਂਟੋ (ਕੈਲੀਫੋਰਨੀਆ), 3 ਅਕਤੂਬਰ (ਹੁਸਨ ਲੜੋਆ ਬੰਗਾ)- ਕ੍ਰਿਸਟਾ ਪਾਈਕ ਜਿਸ ਨੂੰ 30 ਸਾਲ ਤੋਂ ਵਧ ਸਮਾਂ ਪਹਿਲਾਂ 19 ਸਾਲਾ ਕੋਲੀਨ ਸਲੇਮਰ ਦੇ ਕਤਲ ਲਈ ਮੌਤ ਸਜ਼ਾ ਸੁਣਾਈ ਗਈ ਸੀ, ਨੂੰ ਬੁੱਧਵਾਰ ਨੂੰ ਟੈਨੇਸੀ ਵਿਚ ਜਾਨਲੇਵਾ ਟੀਕਾ ਲਗਾ ਕੇ ਫਾਂਸੀ ਦੇਣ ਦੀ ਕੋਸ਼ਿਸ਼ ਨਾਕਾਮ ਰਹੀ ਤੇ ਉਹ ਬੱਚ ਗਈ | ਉਸ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਵਿਚ ਦੱਸਿਆ ਕਿ ਪਾਈਕ ਨੈਸ਼ਵਿਲ ਖੇਤਰ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ’ਤੇ ਹੈ ਅਤੇ ਬੇਹੋਸ਼ੀ ਦੀ ਹਾਲਤ ਵਿਚ ਹੈ |
ਵਕੀਲਾਂ ਨੇ ਦੱਸਿਆ ਕਿ ਜ਼ਹਿਰੀਲੇ ਟੀਕੇ ਪੈਂਟੋਬਾਰਬਿਟਲ ਦੀਆਂ ਦੋ ਘਾਤਕ ਖੁਰਾਕਾਂ ਦਿੱਤੇ ਜਾਣ ਤੋਂ ਬਾਅਦ ਪਾਈਕ ਨੂੰ ਜੀਵਨ-ਰੱਖਿਅਕ ਇਲਾਜ ਦਿੱਤਾ ਜਾ ਰਿਹਾ ਹੈ। ਵਕੀਲਾਂ ਸਟੀਫਨ ਫੇਰਲ ਅਤੇ ਲਿਊਕ ਇਹਨੇਨ ਨੇ ਇਕ ਬਿਆਨ ਵਿਚ ਕਿਹਾ ਕਿ ਫਾਂਸੀ ਦੇਣ ਦੀ ਕੋਸ਼ਿਸ਼ ਦੌਰਾਨ ਪਾਈਕ ਦੀਆਂ ਦੋਵਾਂ ਬਾਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਵਕੀਲਾਂ ਨੇ ਨੈਸ਼ਵਿਲ ਦੀ ਅਦਾਲਤ ਵਿਚ ਇਕ ਐਮਰਜੈਂਸੀ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਟੈਨੇਸੀ ਦੇ ਸੁਧਾਰ ਵਿਭਾਗ ਨੂੰ ਬੁੱਧਵਾਰ ਰਾਤ ਨੂੰ ਉਸ ਨੂੰ ਫਾਂਸੀ ਦੇਣ ਦੀ ਰਾਜ ਦੀ ਅਸਫਲ ਕੋਸ਼ਿਸ਼ ਨਾਲ ਸਬੰਧਤ ਸਾਰੇ ਸਬੂਤਾਂ ਦੀ ਸੁਰੱਖਿਆ ਅਤੇ ਸੰਭਾਲ ਕਰਨ ਲਈ ਕਿਹਾ ਜਾਵੇ।
ਪਾਈਕ ਜਿਸ ਨੂੰ 1995 ਵਿਚ 19 ਸਾਲਾ ਕੋਲੀਨ ਸਲੇਮਰ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ, ਟੈਨੇਸੀ ਵਿਚ 200 ਸਾਲਾਂ ਵਿਚ ਫਾਂਸੀ ਪਾਉਣ ਵਾਲੀ ਪਹਿਲੀ ਔਰਤ ਬਣਨ ਵਾਲੀ ਸੀ। ਹੁਣ ਉਸ ਦਾ ਕਾਨੂੰਨੀ ਕੇਸ ਰੁੱਕ ਜਾਵੇਗਾ। ਗਵਰਨਰ ਬਿਲ ਲੀ ਜੋ ਕਿ ਰਿਪਬਲਿਕਨ ਹਨ, ਨੇ ਐਲਾਨ ਕੀਤਾ ਹੈ ਕਿ ਪਾਈਕ ਦੇ ਕੇਸ ਦੀ ਡੂੰਘਾਈ ਨਾਲ ਅਤੇ ਵਿਆਪਕ ਸਮੀਖਿਆ ਕਿਸੇ ਤੀਜੀ ਧਿਰ ਦੁਆਰਾ ਕੀਤੀ ਜਾਵੇਗੀ।