10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰੋੜੀਕਪੂਰਾ ਨੇੜੇ ਜੈਤੋ ਰਜਵਾਹੇ ’ਚ 30 ਫੁੱਟ ਪਾੜ, ਝੋਨੇ ਦੀ ਫ਼ਸਲ ਪ੍ਰਭਾਵਿਤ

ਰੋੜੀਕਪੂਰਾ (ਫ਼ਰੀਦਕੋਟ), 10 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਪਿੰਡ ਰੋੜੀਕਪੂਰਾ ਵਿਖੇ ਰਾਮੇਆਣਾ ਪਿੰਡ ਦੀ ਹੱਦ ਨੇੜੇ...

ਅਜੀਤ ਡੈਸਕ 10-09-2026

ਰੋੜੀਕਪੂਰਾ (ਫ਼ਰੀਦਕੋਟ), 10 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਪਿੰਡ ਰੋੜੀਕਪੂਰਾ ਵਿਖੇ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋਂ ਰਜਵਾਹੇ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਤੇਜ਼ ਵਹਾਅ ਕਾਰਨ ਰਜਵਾਹੇ ਵਿਚ ਕਰੀਬ 30 ਫੁੱਟ ਚੌੜਾ ਪਾੜ ਪੈਣ ਨਾਲ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਸਕਰਨ ਸਿੰਘ ਜੱਸਾ ਬਰਾੜ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ ਨੇ ਦੱਸਿਆ ਕਿ ਰਜਵਾਹੇ ਵਿਚ ਪਹਿਲਾਂ ਵੀ ਪਾੜ ਪੈ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਮਿਹਨਤ ਕਰਕੇ ਪੂਰ ਦਿੱਤਾ ਸੀ। ਪਰ ਰਜਵਾਹੇ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੁਬਾਰਾ ਪਾੜ ਪੈ ਗਿਆ ਅਤੇ ਇਸ ਵਾਰ ਪਾੜ ਲਗਭਗ 30 ਫੁੱਟ ਤੱਕ ਚੌੜਾ ਹੋ ਗਿਆ।

ਸਾਬਕਾ ਪੰਚ ਜਸਵਿੰਦਰ ਸਿੰਘ ਘੱਪਾ ਭਾਊ, ਲਾਲੀ ਬਰਾੜ ਅਤੇ ਸਿੰਮੀ ਬਰਾੜ ਨੇ ਦੱਸਿਆ ਕਿ ਰਜਵਾਹੇ ਦਾ ਪਾਣੀ ਖੇਤਾਂ ਵਿਚ ਦਾਖ਼ਲ ਹੋਣ ਕਾਰਨ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਠੇਕੇ ’ਤੇ ਲਈ 18 ਏਕੜ, ਹਰਚਰਨ ਸਿੰਘ ਬਿੰਦੂ ਮਿਸਤਰੀ ਪੁੱਤਰ ਮੈਗਲ ਸਿੰਘ ਦੀ ਠੇਕੇ ’ਤੇ ਲਈ 18 ਏਕੜ ਅਤੇ ਕੇਵਲ ਸਿੰਘ ਤੇ ਸਿਕੰਦਰ ਸਿੰਘ ਦੀ ਠੇਕੇ ’ਤੇ ਲਈ ਕਰੀਬ 8 ਏਕੜ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਹਿਲਾਂ ਵੀ ਕੁਦਰਤੀ ਅਤੇ ਖੇਤੀਬਾੜੀ ਨਾਲ ਸਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਸੁਖਜਿੰਦਰ ਸਿੰਘ ਦੀ ਪਿਛਲੇ ਸਾਲ ਮੂੰਗੀ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਇਸ ਵਾਰ ਝੋਨੇ ਦੀ ਫ਼ਸਲ ਰਜਵਾਹੇ ਦੇ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਮੌਕੇ ’ਤੇ ਪਹੁੰਚੇ ਪਿੰਡ ਦੇ ਮੋਹਤਬਰਾਂ ਸਰਪੰਚ ਜਸਕਰਨ ਸਿੰਘ ਬਰਾੜ, ਸਰਪੰਚ ਅਰਵਿੰਦਰ ਸਿੰਘ ਬਿੰਦਰ ਬਰਾੜ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਕਾਲਾ ਢਿੱਲੋਂ ਅਤੇ ਕਿਸਾਨ ਆਗੂ ਜਸਕਰਨ ਸਿੰਘ ਜੱਸਾ ਬਰਾੜ ਆਦਿ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰਜਵਾਹੇ ਵਿਚ ਪਏ ਪਾੜ ਨੂੰ ਤੁਰੰਤ ਪੱਕੇ ਤੌਰ ’ਤੇ ਬੰਦ ਕਰਵਾਇਆ ਜਾਵੇ ਤਾਂ ਜੋ ਅੱਗੇ ਹੋਰ ਖੇਤਾਂ ਵਿਚ ਪਾਣੀ ਦਾਖ਼ਲ ਨਾ ਹੋਵੇ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਦੀਆਂ ਫ਼ਸਲਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀ ਦੀਆਂ ਵਧਦੀਆਂ ਲਾਗਤਾਂ ਅਤੇ ਕੁਦਰਤੀ ਮਾਰ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਇਸ ਲਈ ਫ਼ਸਲ ਦੇ ਨੁਕਸਾਨ ਦੀ ਭਰਪਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਪਿਛਲੀ ਖ਼ਬਰ ਲੁਧਿਆਣਾ ’ਚ ਜੈਮ-ਸੌਸ ਫੈਕਟਰੀ ’ਤੇ ਸਿਹਤ ਵਿਭਾਗ ਦੀ ਰੇਡ, ਗੰਦਗੀ ਦੇਖ ਅਧਿਕਾਰੀ ਵੀ ਹੈਰਾਨ ਅਗਲੀ ਖ਼ਬਰ ਅਣ-ਐਲਾਨੇ ਪਾਵਰਕਾਮ ਕੱਟਾਂ ਤੋਂ ਭੜਕੇ ਕਿਸਾਨ, ਬੀਕੇਯੂ ਡਕੌਂਦਾ (ਧਨੇਰ) ਵਲੋਂ ਰਾਏਕੋਟ ਵਿਖੇ ਰੋਸ ਧਰਨਾ