ਕਪੂਰਥਲਾ, 31 ਅਕਤੂਬਰ (ਵਿ.ਪ੍ਰ.)-ਥਾਣਾ ਸਦਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਪਾਬੰਦੀਸ਼ੁਦ ਕੈਪਸੂਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਵਡਾਲਾਂ ਕਲਾਂ ਪੁਲੀ ਕੋਲ ਮੌਜੂਦ ਸੀ ਤਾਂ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁਡ਼ ਕੇ ਤੇਜ਼ ਕਦਮੀ ਤੁਰ ਪਏ ਤੇ ਆਪਣੇ ਹੱਥ ਵਿਚ ਫਡ਼ੇ ਲਿਫ਼ਾਫ਼ੇ ਵੀ ਹੇਠਾਂ ਸੁੱਟ ਦਿੱਤੇ। ਸ਼ੱਕ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣੀ ਪਹਿਚਾਣ ਰੋਹਿਤ ਵਾਸੀ ਅਬਾਦਪੁਰਾ ਜ਼ਿਲ੍ਹਾ ਜਲੰਧਰ ਤੇ ਵਿਨੈ ਵਾਸੀ ਬਸਤੀ ਸ਼ੇਖ ਜਲੰਧਰ ਦੱਸੀ। ਦੋਵਾਂ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕਰਨ ’ਤੇ ਉਸ ਵਿਚੋਂ ਕਥਿਤ ਤੌਰ ’ਤੇ 90 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਥਾਣਾ ਸਦਰ ਵਿਚ ਪੁਲਿਸ ਵਲੋਂ ਦੋਹਾਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਸੰਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ।