ਖਲਵਾੜਾ, 16 ਮਈ (ਮਨਦੀਪ ਸਿੰਘ ਸੰਧੂ)-ਜਦੋਂ ਵੀ ਦਿਵਿਆਂਗ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਏਸੀ ਦਫ਼ਤਰਾਂ ਵਿਚ ਬੈਠੇ ਬਾਬੂਆਂ ਦੀ ਗਲਤੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਦੋਂ ਹੀ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਪ੍ਰਸ਼ਾਸਨ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਂਦੀ ਹੈ | ਪਿਛਲੇ ਦਿਨੀ ਮੀਡੀਆ ਵਿਚ ਸ਼ੁੱਕਰਵਾਰ ਨੂੰ ਕਪੂਰਥਲਾ ਦੇ ਡੀ.ਸੀ. ਚੌਂਕ ਵਿਚ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਸੀ ਕਿਉਂਕਿ ਦੀਆ ਪੁੱਤਰੀ ਲਾਲੋ ਰਾਮ ਹਦੀਆਬਾਦ ਫਗਵਾੜਾ ਦੀ ਪਹਿਲੀ ਵਾਰ ਮਿਲਣ ਵਾਲੀ ਵਿੱਤੀ ਸਹਾਇਤਾ ਪੈਨਸ਼ਨ ਬਿਨਾਂ ਕਾਰਨ ਦੱਸਿਆ ਕੱਟ ਦਿੱਤੀ ਗਈ ਸੀ ਜਿਸਦੇ ਮੱਦੇਨਜ਼ਰ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਕਪੂਰਥਲਾ ਨਾਲ਼ ਸੰਪਰਕ ਵੀ ਕੀਤਾ ਸੀ ਜਿਨ੍ਹਾਂ ਵੱਲੋਂ ਪਹਿਲਾਂ ਮਨਜ਼ੂਰੀ ਪੱਤਰ ਨੂੰ ਰੱਦ ਕਰਦਿਆਂ ਦੋਬਾਰਾ ਪਿਤਾ ਦੇ ਨਾਮ ਵਿੱਤੀ ਸਹਾਇਤਾ ਪੈਨਸ਼ਨ ਇੱਕ ਦਿਨ ਵਿਚ ਹੀ ਪੱਤਰ ਜਾਰੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਐਕਸ਼ਨ ਕਮੇਟੀ ਵੱਲੋਂ ਅੱਜ ਦਾ ਡੀਸੀ ਚੌਂਕ ਕਪੂਰਥਲਾ ਦਾ ਰੱਦ ਕਰ ਦਿੱਤਾ | ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਐਕਸ਼ਨ ਕਮੇਟੀ ਹਮੇਸ਼ਾ ਆਪਣੇ ਨਾਲ ਜੁੜੇ ਹੋਏ ਹਰ ਇਕ ਵਰਕਰ ਦੇ ਹੱਕਾਂ ਦੀ ਲੜਾਈ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਲੜਦੀ ਆ ਰਹੀ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ 24 ਘੰਟਿਆਂ ਤੋਂ ਵੀ ਪਹਿਲਾਂ ਛੋਟੇ ਕੱਦ ਵਾਲੀ ਲੜਕੀ ਦੀਆ ਫਗਵਾੜਾ ਨੂੰ ਗਲਤੀ ਨਾਲ ਰੱਦ ਕੀਤੀ ਪੈਨਸ਼ਨ ਦੋਬਾਰਾ ਬਹਾਲ ਕਰਨ ਦਾ ਪੱਤਰ ਸਿਰਫ਼ ਦਿਵਿਆਂਗ ਐਕਸ਼ਨ ਕਮੇਟੀ ਅੱਗੇ ਪ੍ਰਸ਼ਾਸਨ ਨੂੰ ਝੁਕਦਿਆਂ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਦੱਸਿਆ ਕਿ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਆਉਣ ਵਾਲੇ ਸਮੇਂ ਵਿਚ ਨਵੇਂ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਜੋ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਨੂੰ ਪ੍ਰਾਪਤ ਕਰ ਸਕੀਏ ਤੇ ਸੋਸ਼ਲ ਮੀਡੀਆ ਰਾਹੀਂ ਦਿਵਿਆਂਗ ਵਿਅਕਤੀਆਂ ਨੂੰ ਨੀਵਾਂ ਦਿਖਾਉਣ ਵਾਲੀਆਂ ਵੀਡੀਓ ਬਣਾਉਣ ਵਾਲੇ ਗ਼ਲਤ ਅਨਸਰਾਂ ਨੂੰ ਅੰਗਹੀਣ ਭਲਾਈ ਐਕਟ ਦੇ ਘੇਰੇ ਵਿਚ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾ ਸਕਣ |