ਮੰਡੀ ਕਿੱਲਿਆਂਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਵਾਰਡ 11 ਵਿਖੇ ਅੱਜ ਇਕ ਚਿਣਾਈ ਮਿਸਤਰੀ ਦੇ ਘਰ ’ਤੇ ਅਚਾਨਕ ਕਹਿਰ ਬਣ ਕੇ ਅਸਮਾਨੀ ਬਿਜਲੀ ਡਿੱਗ ਪਈ। ਬਿਜਲੀ ਦਾ ਧਮਾਕਾ ਇੰਨਾ ਖ਼ੌਫ਼ਨਾਕ ਸੀ ਕਿ ਘਰ ਦੀ ਆਰਸੀਸੀ ਛੱਤ ਵਿਚ ਸੁਰਾਖ ਹੋ ਗਿਆ ਅਤੇ ਬਿਜਲੀ ਉੱਪਰਲੇ ਚੁਬਾਰੇ ਤੋਂ ਲੈ ਕੇ ਹੇਠਾਂ ਤੱਕ ਆਰ-ਪਾਰ ਲੰਘ ਗਈ।
ਹਾਦਸੇ ਵੇਲੇ ਘਰ ’ਚ ਛੇ ਜੀਅ ਮੌਜੂਦ ਸਨ, ਜਿਨ੍ਹਾਂ ਦਾ ਵਾਲ - ਵਾਲ ਬਚਾਅ ਹੋ ਗਿਆ। ਘਰ ਅੰਦਰ ਲੱਗੀ ਬਿਜਲੀ ਦੀ ਸਮੁੱਚੀ ਫਿਟਿੰਗ, ਮੋਬਾਇਲ ਫੋਨਾਂ ਤੋਂ ਲੈ ਕੇ ਸਾਰਾ ਘਰੇਲੂ ਬਿਜਲੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕਈ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਬਾਲ ਮੰਦਿਰ ਸਕੂਲ ਨੇੜਲੀ ਕਿਸ਼ੋਰ ਸਰਪੰਚ ਵਾਲੀ ਗਲੀ ’ਚ ਰਹਿੰਦੇ ਚਿਣਾਈ ਮਿਸਤਰੀ ਰਾਮਪ੍ਰਵੇਸ਼ ਦੇ ਮਕਾਨ ’ਤੇ ਸਵੇਰੇ ਕਰੀਬ 7 ਵਜੇ ਇਹ ਭਾਣਾ ਵਰਤਿਆ। ਰਾਮਪ੍ਰਵੇਸ਼ ਦੇ ਲੜਕੇ ਨਿਤੀਸ਼ ਪਟੇਲ ਨੇ ਦੱਸਿਆ ਕਿ ਸਵੇਰ ਵੇਲੇ ਸਾਰਾ ਪਰਿਵਾਰ ਕਮਰੇ ਅੰਦਰ ਬੈਠਾ ਸੀ ਕਿ ਅਚਾਨਕ ਜ਼ੋਰਦਾਰ ਧਮਾਕੇ ਨਾਲ ਅਸਮਾਨੀ ਬਿਜਲੀ ਆ ਡਿੱਗੀ। ਧਮਾਕਾ ਇੰਨਾ ਭਿਆਨਕ ਸੀ ਕਿ ਆਰ.ਸੀ.ਸੀ. ਦੀ ਛੱਤ ਪਾੜ ਕੇ ਬਿਜਲੀ ਹੇਠਾਂ ਵੜ ਗਈ ਅਤੇ ਮੁੱਖ ਗੇਟ ਕੋਲ ਜ਼ਮੀਨ ’ਚ ਵੀ ਟੋਆ ਪੈ ਗਿਆ।
ਹਾਦਸੇ ਦੌਰਾਨ ਰਸੋਈ ਅੰਦਰ ਰੋਟੀ ਤਿਆਰ ਕਰ ਰਹੀ ਪਰਿਵਾਰ ਦੀ ਨੂੰਹ ਨੂੰ ਬਿਜਲੀ ਦਾ ਹਲਕਾ ਕਰੰਟ ਲੱਗਾ, ਜਿਸ ਕਾਰਨ ਉਸ ਦੇ ਹੱਥ ’ਤੇ ਮਾਮੂਲੀ ਸੱਟ ਵੱਜੀ। ਘਰ ਅੰਦਰ ਮੌਜੂਦ ਬਾਕੀ ਛੇ ਮੈਂਬਰ ਵਾਲ-ਵਾਲ ਬਚ ਗਏ। ਪਰਿਵਾਰ ਮੁਤਾਬਕ ਅਸਮਾਨੀ ਬਿਜਲੀ ਕਾਰਨ ਉੱਪਰਲੀ ਅਤੇ ਹੇਠਲੀ ਦੋਵੇਂ ਮੰਜ਼ਿਲਾਂ ਦੀ ਸਮੁੱਚੀ ਵਾਇਰਿੰਗ ਸੜ ਗਈ। ਘਰ ਵਿਚ ਪਏ 2 ਐਲ.ਈ.ਡੀ., 1 ਟੀਵੀ, 4 ਪੱਖੇ, ਫ਼ਰਿੱਜ, ਪਾਣੀ ਵਾਲੀ ਬੰਬੀ (ਮੋਟਰ), ਸਿਲਾਈ ਮਸ਼ੀਨ ਅਤੇ ਮੋਬਾਈਲ ਫ਼ੋਨ ਧਮਾਕੇ ਨਾਲ ਸੜ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ। ਦਿਹਾੜੀ-ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨ ਵਾਲੇ ਇਸ ਮਿਹਨਤਕਸ਼ ਪਰਿਵਾਰ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਅਚਨਚੇਤ ਵਾਪਰੀ ਇਸ ਘਟਨਾ ਕਾਰਨ ਪਰਿਵਾਰ ਗਹਿਰੇ ਸਹਿਮ ਦੇ ਮਾਹੌਲ ਵਿੱਚ ਹੈ।