ਕਪੂਰਥਲਾ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਇਕ ਵਫ਼ਦ ਨੇ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਦੀ ਅਗਵਾਈ ਵਿਚ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੀਤਾ ਰਾਮ ਸ਼ਿੰਕੂ ਨੂੰ ਮੰਗ ਪੱਤਰ ਦੇ ਕੇ ਵੱਖ-ਵੱਖ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ | ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਵਫ਼ਦ ਨੇ ਰੇਲਵੇ ਬੋਰਡ ਦੇ 2 ਪ੍ਰਤੀਸ਼ਤ ਅਹੁਦਿਆਂ ਨੂੰ ਸਿਰੰਡਰ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਪਹਿਲਾਂ ਹੀ ਸਟਾਫ਼ ਦੀ ਕਮੀ ਕਾਰਨ ਜੂਝ ਰਹੀ ਆਰ.ਸੀ.ਐਫ. ਦੇ 147 ਅਹੁਦਿਆਂ ਨੂੰ ਖ਼ਤਮ ਕਰਨਾ ਇਕ ਆਤਮਘਾਤੀ ਕਦਮ ਹੈ | ਉਨ੍ਹਾਂ ਐਡੀਸ਼ਨਲ ਮੈਂਬਰ ਤੋਂ ਮੰਗ ਕੀਤੀ ਕਿ ਸੇਵਾ ਮੁਕਤ ਕਰਮਚਾਰੀਆਂ ਦੀ ਰੀਅੰਗੇਜਮੈਂਟ ਬੰਦ ਕਰਕੇ ਨਿਯਮਿਤ ਭਰਤੀ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੌਜੂਦਾ ਸਟਾਫ਼ ਨੂੰ ਰਾਹਤ ਮਿਲ ਸਕੇ | ਉਨ੍ਹਾਂ ਸੁਪਰਵਾਈਜ਼ਰਾਂ ਦੀ ਐਮ.ਏ.ਸੀ.ਪੀ. ਰਾਹੀਂ ਤਰੱਕੀ ਅਤੇ ਤਨਖ਼ਾਹ ਵਿਚ ਤਰੁੱਟੀਆਂ, ਸੁਪਰਵਾਈਜ਼ਰ ਨੂੰ ਸਮੇਂ ਸਿਰ ਵਿੱਤੀ ਲਾਭ ਤੇ ਤਰੱਕੀ ਦੇਣ, ਵਰਕਸ਼ਾਪ ਦੇ ਤਕਨੀਕੀ ਮੁੱਦਿਆਂ, ਡਿਜੀਟਲ ਕਾਰਜਾਂ 'ਤੇ ਲੱਗੇ ਪ੍ਰਬੰਧਕੀ ਸਟਾਫ਼ ਨੂੰ ਵਿਸ਼ੇਸ਼ ਵੀ.ਡੀ.ਓ. ਭੱਤਾ ਦੇਣ, ਆਰ.ਸੀ.ਐਫ. ਕਲੋਨੀ ਦੀ ਖਸਤਾ ਹਾਲਤ ਵਿਚ ਸੁਧਾਰ ਲਿਆਉਣ, ਰਿਮੋਰਟ ਏਰੀਏ ਕਾਰਨ ਬੰਦ ਕੀਤੀ ਗਈ ਓ.ਪੀ.ਡੀ. ਲਈ ਰੈਫਰਲ ਸਹੂਲਤਾਂ, ਹਸਪਤਾਲ ਵਿਚ ਅਲਟਰਾ ਸਾਊਾਡ ਮਸ਼ੀਨ ਦਾ ਪ੍ਰਬੰਧ ਕਰਨ, ਸਪੈਸ਼ਲ ਟਾਸਕ ਫੋਰਸ ਅਤੇ ਪੈਟ ਓਨਰਸ਼ਿਪ ਪਾਲਿਸੀ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਦੇ ਪਾਤਰ ਕਰਮਚਾਰੀਆਂ ਨੂੰ ਤੁਰੰਤ ਲਾਭ ਦੇਣ ਤੇ ਕਰਮਚਾਰੀ ਸ਼ੀਤਲ ਕੁਮਾਰ ਨੂੰ ਓ.ਪੀ.ਐਸ. ਦਾ ਹੱਕ ਦੇਣ, ਆਰ.ਸੀ.ਐਫ. ਵਿਚ 5 ਦਿਨ ਦਾ ਹਫ਼ਤਾ ਕਰਨ, ਪੀ.ਐਲ.ਬੀ. ਬੋਨਸ ਦੀ ਗਣਨਾ 7ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਕਰਨ ਸਮੇਤ ਹੋਰ ਮਾਮਲਿਆਂ ਸਬੰਧੀ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਨਾਲ ਗੰਭੀਰ ਵਿਚਾਰ ਚਰਚਾ ਹੋਈ | ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਚਰਚਾ ਉਪਰੰਤ ਐਡੀਸ਼ਨਲ ਮੈਂਬਰ ਨੇ ਆਰ.ਸੀ.ਐਫ. ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਥਾਨਕ ਪੱਧਰ 'ਤੇ ਮੁੱਦਿਆਂ ਦਾ ਬਿਨ੍ਹਾਂ ਦੇਰੀ ਹੱਲ ਕੀਤਾ ਜਾਵੇ ਤੇ ਰੇਲਵੇ ਬੋਰਡ ਨਾਲ ਹੋਰ ਮੰਗਾਂ ਬਾਰੇ ਵੀ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ, ਜਿਸ ਦੀ ਜ਼ਿੰਮੇਵਾਰੀ ਆਰ.ਸੀ.ਐਫ. ਪ੍ਰਸ਼ਾਸਨ ਦੀ ਹੋਵੇਗੀ |